SIR in Haryana

ਹਰਿਆਣਾ ‘ਚ SIR ਦੌਰਾਨ ਡਰਾਫਟ ਵੋਟਰ ਸੂਚੀ ‘ਚ ਨਾਮ ਨਾ ਹੋਣ ‘ਤੇ ਫਾਰਮ-6 ਭਰਨ ਦੀ ਅਪੀਲ

ਹਰਿਆਣਾ, 04 ਨਵੰਬਰ 2026: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਏ. ਸ੍ਰੀਨਿਵਾਸ ਨੇ ਸਪੱਸ਼ਟ ਕੀਤਾ ਹੈ ਕਿ ਵਿਸ਼ੇਸ਼ ਗਹਿਰੀ ਸੋਧ (ਐਸਆਈਆਰ) ਦੌਰਾਨ ਜੇਕਰ ਕਿਸੇ ਵੋਟਰ ਦਾ ਨਾਮ ਮੁੱਢਲੀ ਵੋਟਰ ਸੂਚੀ ‘ਚ ਸ਼ਾਮਲ ਨਹੀਂ ਹੋਇਆ ਹੈ ਤਾਂ ਉਹ ਵੋਟਰ ਸੂਚੀ ‘ਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ-6 ਭਰ ਕੇ ਅਰਜ਼ੀ ਦੇ ਸਕਦਾ ਹੈ। ਇਹ ਵਿਵਸਥਾ ਸਾਰੇ ਯੋਗ ਨਾਗਰਿਕਾਂ ‘ਤੇ ਲਾਗੂ ਹੋਵੇਗੀ, ਭਾਵੇਂ ਉਨ੍ਹਾਂ ਦਾ ਨਾਮ ਪਹਿਲਾਂ ਕਿਸੇ ਵੋਟਰ ਸੂਚੀ ‘ਚ ਸ਼ਾਮਲ ਰਿਹਾ ਹੋਵੇ ਜਾਂ ਨਹੀਂ।

ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੋਟਰ ਦਾ ਨਾਮ ਡਰਾਫਟ ਵੋਟਰ ਸੂਚੀ ‘ਚ ਸ਼ਾਮਲ ਨਹੀਂ ਹੈ ਤਾਂ ਉਸ ਨੂੰ ਐਸਆਈਆਰ ਦੌਰਾਨ ਜਾਂ ਇਸ ਤੋਂ ਬਾਅਦ ਵੋਟਰ ਸੂਚੀ ‘ਚ ਨਾਮ ਸ਼ਾਮਲ ਕਰਵਾਉਣ ਲਈ ਨਵੇਂ ਸਿਰੇ ਤੋਂ ਫਾਰਮ-6 ਰਾਹੀਂ ਅਰਜ਼ੀ ਦੇਣੀ ਹੋਵੇਗੀ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੋਟਰ ਸੂਚੀ ‘ਚ ਨਾਮ ਦਰਜ ਹੋਣ ਦੇ ਬਾਵਜੂਦ ਸਿਰਫ਼ ਫਾਰਮ-6 ਭਰਨ ਨਾਲ ਕਿਸੇ ਵੀ ਤਰ੍ਹਾਂ ਦੀ ਗਲਤ ਘੋਸ਼ਣਾ ਜਾਂ ਕਾਨੂੰਨੀ ਕਾਰਵਾਈ ਦਾ ਆਧਾਰ ਨਹੀਂ ਬਣੇਗਾ। ਇਸ ਸਬੰਧ ‘ਚ ਦਿੱਲੀ ਹਾਈ ਕੋਰਟ ਵੱਲੋਂ ਵੀ ਨਿਲੋਤਪਲ ਦੱਤਾ ਅਤੇ ਹੋਰ ਬਨਾਮ ਭਾਰਤ ਚੋਣ ਕਮਿਸ਼ਨ ਅਤੇ ਹੋਰ (W.P. (C) No. 14955/2026, ਫੈਸਲਾ ਮਿਤੀ 14.10.2026) ਦੇ ਮਾਮਲੇ ‘ਚ ਇਹੀ ਸਥਿਤੀ ਸਪੱਸ਼ਟ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO) ਵੱਲੋਂ ਸਿਰਫ਼ ਇਸ ਆਧਾਰ ‘ਤੇ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 31 ਤਹਿਤ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਕਿ ਬਿਨੈਕਾਰ ਦਾ ਨਾਮ ਪਹਿਲਾਂ ਵੋਟਰ ਸੂਚੀ ‘ਚ ਸ਼ਾਮਲ ਸੀ ਅਤੇ ਉਸ ਨੇ ਐਸਆਈਆਰ ਦੌਰਾਨ ਜਾਂ ਇਸ ਤੋਂ ਬਾਅਦ ਫਾਰਮ-6 ਜਮ੍ਹਾ ਕਰਵਾਇਆ ਹੈ। ਹਾਲਾਂਕਿ, ਇਸ ਲਈ ਇਹ ਜ਼ਰੂਰੀ ਹੈ ਕਿ ਸਬੰਧਤ ਵੋਟਰ ਦਾ ਨਾਮ ਕਿਸੇ ਹੋਰ ਸੰਸਦੀ ਜਾਂ ਵਿਧਾਨ ਸਭਾ ਚੋਣ ਹਲਕੇ ਦੀ ਵੋਟਰ ਸੂਚੀ ‘ਚ ਪਹਿਲਾਂ ਤੋਂ ਦਰਜ ਨਾ ਹੋਵੇ ਅਤੇ ਉਸ ਵੱਲੋਂ ਕੀਤੀ ਗਈ ਘੋਸ਼ਣਾ ਕਾਨੂੰਨ ਦੇ ਅਨੁਸਾਰ ਹੋਵੇ।

ਮੁੱਖ ਚੋਣ ਅਧਿਕਾਰੀ, ਹਰਿਆਣਾ ਨੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਸਪੱਸ਼ਟੀਕਰਨ ਦਾ ਵਿਆਪਕ ਪ੍ਰਚਾਰ-ਪ੍ਰਸਾਰ ਯਕੀਨੀ ਬਣਾਇਆ ਜਾਵੇ, ਤਾਂ ਜੋ ਆਮ ਲੋਕਾਂ ‘ਚ ਕਿਸੇ ਵੀ ਤਰ੍ਹਾਂ ਦੀ ਭੁਲੇਖੇ ਜਾਂ ਚਿੰਤਾ ਦੀ ਸਥਿਤੀ ਨਾ ਰਹੇ ਅਤੇ ਕੋਈ ਵੀ ਯੋਗ ਨਾਗਰਿਕ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਤੋਂ ਵਾਂਝਾ ਨਾ ਰਹੇ।

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਪੱਸ਼ਟੀਕਰਨ ਉਨ੍ਹਾਂ ਸਾਰੇ ਯੋਗ ਵੋਟਰਾਂ ਲਈ ਮਹੱਤਵਪੂਰਨ ਹੈ, ਜਿਨ੍ਹਾਂ ਦਾ ਨਾਮ ਐਸਆਈਆਰ ਦੀ ਅੰਤਿਮ ਵੋਟਰ ਸੂਚੀ ‘ਚ ਸ਼ਾਮਲ ਨਹੀਂ ਹੋ ਪਾਉਂਦਾ। ਅਜਿਹੇ ਵੋਟਰ ਅੰਤਿਮ ਵੋਟਰ ਸੂਚੀ ਦੇ ਪ੍ਰਕਾਸ਼ਨ ਤੋਂ ਬਾਅਦ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਗਲੀ ਵਿਸ਼ੇਸ਼ ਮੁਹਿੰਮ ਜਾਂ ਵੋਟਰ ਸੂਚੀ ਦੇ ਨਿਰੰਤਰ ਅੱਪਡੇਟ ਦੌਰਾਨ ਨਿਰਧਾਰਤ ਪ੍ਰਕਿਰਿਆ ਤਹਿਤ ਫਾਰਮ-6 ਜਮ੍ਹਾਂ ਕਰਵਾ ਸਕਦੇ ਹਨ।

ਵਿਦੇਸ਼

Scroll to Top