ਬੇਅਦਬੀ ਕਾਨੂੰਨ

ਪੰਜਾਬ ‘ਚ ਬੇਅਦਬੀ ਕਾਨੂੰਨ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਅਹਿਮ ਬੈਠਕ

ਅੰਮ੍ਰਿਤਸਰ, 15 ਜੂਨ 2026: ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸੁਰੱਖਿਆ ਐਕਟ-2026 ਨਾਲ ਜੁੜੀਆਂ ਇਤਰਾਜ਼ਯੋਗ ਧਾਰਾਵਾਂ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਅਹਿਮ ਬੈਠਕ ਸੱਦੀ ਗਈ ਹੈ। ਜਿਸ ‘ਚ ਸਮੁੱਚੀਆਂ ਸਿੱਖ ਜਥੇਬੰਦੀਆਂ, ਕਾਰ ਸੇਵਾ ਸੰਪਰਦਾਵਾਂ, ਟਕਸਾਲਾਂ, ਫੈਡਰੇਸ਼ਨਾਂ, ਸਿੱਖ ਵਿਦਵਾਨਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਬੈਠਕ ‘ਚ ਕੌਮ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸੁਰੱਖਿਆ ਐਕਟ-2026 ਦੀਆਂ ਇਤਰਾਜ਼ਯੋਗ ਧਾਰਾਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਅੱਜ ਪੰਥ ਦੇ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਹਨ ਅਤੇ ਇਨ੍ਹਾਂ ਦਾ ਮੁਕਾਬਲਾ ਸਿਰਫ਼ ਆਪਸੀ ਏਕਤਾ ਅਤੇ ਮਿਲ ਬੈਠ ਕੇ ਕੀਤੇ ਗਏ ਫੈਸਲਿਆਂ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਆਸ ਜਤਾਈ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਮੁੱਚਾ ਪੰਥ ਇਕਜੁੱਟ ਹੋ ਕੇ ਕੌਮ ਦੇ ਚੰਗੇ ਭਵਿੱਖ ਲਈ ਸਾਂਝੀ ਰਣਨੀਤੀ ਤਿਆਰ ਕਰੇਗਾ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਹੈ ਅਤੇ ਇਸ ਦੀ ਮਰਿਆਦਾ, ਸ਼ਾਨ ਅਤੇ ਸੁਤੰਤਰਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਾ ਕੋਈ ਪਹਿਲਾਂ ਅੜਿਆ ਹੈ ਅਤੇ ਨਾ ਹੀ ਕੋਈ ਇਸ ਦੀ ਮਰਿਆਦਾ ਨੂੰ ਝੁਕਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਗੁਰੂ ਸਾਹਿਬ ਦਾ ਸਦੀਵੀ ਤਖ਼ਤ ਹੈ ਅਤੇ ਇਸ ਦੇ ਸਨਮਾਨ ਦੀ ਰੱਖਿਆ ਲਈ ਪੂਰਾ ਪੰਥ ਹਮੇਸ਼ਾ ਇੱਕਜੁੱਟ ਰਹੇਗਾ। ਅੰਤ ‘ਚ ਉਨ੍ਹਾਂ ਸਮੁੱਚੀ ਸੰਗਤ ਨੂੰ ਪੰਥਕ ਏਕਤਾ ਬਣਾਈ ਰੱਖਣ ਅਤੇ ਕੌਮ ਦੇ ਹਿੱਤਾਂ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।

Read More: ਹੁਣ ਸਾਲਾਸਰ-ਖਾਟੂ ਸ਼ਿਆਮ ਜੀ, ਹਰਿਦੁਆਰ-ਰਿਸ਼ੀਕੇਸ਼ ਤੇ ਮਥੁਰਾ-ਵ੍ਰਿੰਦਾਵਨ ਦੇ ਮੁਫ਼ਤ ਦਰਸ਼ਨ ਕਰਵਾਏਗੀ ਪੰਜਾਬ ਸਰਕਾਰ

ਵਿਦੇਸ਼

Scroll to Top