ਜੀਰਾ, 5 ਨਵੰਬਰ 2026 : ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਕਾਰਵਾਈ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ (AAP) ਦੀ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਤੋਂ ਬਾਅਦ ਹੁਣ ED ਦੀ ਟੀਮ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਵਿੱਚ ਮੁਅੱਤਲ ਪਟਵਾਰੀ ਨਵਦੀਪ ਸਿੰਘ ਦੇ ਘਰ ਰੇਡ ਕੀਤੀ ਹੈ। ਪਟਵਾਰੀ ਦੇ ਘਰ ਦੇ ਬਾਹਰ CRPF ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਟਵਾਰੀ ਨਵਦੀਪ ਸਿੰਘ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਿਚਕਾਰ ਕੀ ਸਬੰਧ ਹਨ। ਹਾਲਾਂਕਿ, ਦੋਵਾਂ ਮਾਮਲਿਆਂ ਨੂੰ ਲੈ ਕੇ ਜਾਂਚ ਏਜੰਸੀ ਦੀ ਕਾਰਵਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਮੋਗਾ ਵਿੱਚ ਤਾਇਨਾਤ ਰਹਿ ਚੁੱਕਾ ਹੈ ਪਟਵਾਰੀ ਨਵਦੀਪ ਸਿੰਘ
ਜਾਣਕਾਰੀ ਅਨੁਸਾਰ, ਨਵਦੀਪ ਸਿੰਘ ਪਹਿਲਾਂ ਮੋਗਾ ਜ਼ਿਲ੍ਹੇ ਦੇ ਧਰਮਕੋਟ ਵਿੱਚ ਪਟਵਾਰੀ ਵਜੋਂ ਤਾਇਨਾਤ ਸੀ। ਉਸ ਦੇ ਖ਼ਿਲਾਫ਼ 16 ਜੂਨ 2024 ਨੂੰ ਧਰਮਕੋਟ ਥਾਣੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਮਾਲ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ।
ਨਵਦੀਪ ਸਿੰਘ ‘ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਹਨ। ਗ੍ਰਿਫ਼ਤਾਰੀ ਤੋਂ ਬਾਅਦ ਉਹ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ। 7 ਜੁਲਾਈ 2026 ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਹੁਣ ED ਦੀ ਟੀਮ ਨੇ ਉਸ ਦੇ ਜੀਰਾ ਸਥਿਤ ਘਰ ‘ਤੇ ਛਾਪੇਮਾਰੀ ਕੀਤੀ ਹੈ।
ਵਿਧਾਇਕ ਦੇ ਘਰ ਤੋਂ ਹਸਪਤਾਲ ਤੱਕ 7 ਟਿਕਾਣਿਆਂ ‘ਤੇ ਛਾਪੇਮਾਰੀ
ਦੂਜੇ ਪਾਸੇ, ED ਦੀਆਂ ਟੀਮਾਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨਾਲ ਸਬੰਧਤ 7 ਟਿਕਾਣਿਆਂ ‘ਤੇ ਬੁੱਧਵਾਰ ਸਵੇਰੇ ਕਰੀਬ 6 ਵਜੇ ਤੋਂ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।
ਜਾਣਕਾਰੀ ਅਨੁਸਾਰ, ਮੋਗਾ ਸਥਿਤ ਵਿਧਾਇਕ ਦੇ ਘਰ, ਡੋਸਾਂਝ ਰੋਡ ਦੀ ਮਾਡਲ ਕਲੋਨੀ ਸਥਿਤ ਕੈਂਪ ਦਫ਼ਤਰ ਅਤੇ ਜੀ.ਟੀ. ਰੋਡ ਦੇ ਆਈਕਾਨ ਹਾਈਟਸ ਸਥਿਤ ਇੱਕ ਫਲੈਟ ਦੀ ਤਲਾਸ਼ੀ ਲਈ ਗਈ ਹੈ।
ਇਸ ਤੋਂ ਇਲਾਵਾ ਖੰਨਾ ਨੇੜਲੇ ਪਿੰਡ ਲਿਬੜਾ ਵਿੱਚ ਵਿਧਾਇਕ ਦੇ ਨਾਨਕਿਆਂ ਨਾਲ ਸਬੰਧਤ ਟਿਕਾਣੇ ‘ਤੇ ਵੀ ED ਦੀ ਟੀਮ ਪਹੁੰਚੀ। ਬਾਘਾਪੁਰਾਣਾ ਸਥਿਤ ਆਸ਼ੀਰਵਾਦ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਹਸਪਤਾਲ ਵਿੱਚ ਵੀ ਤਲਾਸ਼ੀ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਹਸਪਤਾਲ ਦਾ ਸਬੰਧ ਵਿਧਾਇਕ ਦੇ ਪਤੀ ਡਾ. ਰਾਕੇਸ਼ ਅਰੋੜਾ ਨਾਲ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਧਾਇਕ ਦੇ ਪਤੀ ਨਾਲ ਜੁੜੇ ਹੋਰ ਟਿਕਾਣਿਆਂ ਅਤੇ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨਾਲ ਸਬੰਧਤ ਇੱਕ ਹੋਰ ਥਾਂ ‘ਤੇ ਵੀ ਜਾਂਚ ਕੀਤੀ ਜਾ ਰਹੀ ਹੈ।
Read More: ਈਡੀ ਵੱਲੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੂਜੇ ਦਿਨ ਵੀ ਜਾਰੀ




