ਅਜਨਾਲਾ, 24 ਸਤੰਬਰ 2026: ਅਜਨਾਲਾ ਨੇੜਲੇ ਪਿੰਡ ਭਲਾ ਪਿੰਡ ਵਿਖੇ ਏ.ਐੱਸ.ਆਈ ਜਸਵੰਤ ਸਿੰਘ ਨੂੰ ਗੋਲੀ ਮਾਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਮੁਲਜ਼ਮ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ। ਫਰਾਰ ਹੋਏ ਮੁਲਜ਼ਮ ਦੀ ਪਛਾਣ ਕਰਨ ਵਜੋਂ ਹੋਈ ਹੈ। ਮੁਲਜ਼ਮ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਪੁਲਿਸ ਟੀਮ ਮੁਲਜ਼ਮ ਕਰਨ ਨੂੰ ਬਰਾਮਦਗੀ ਲਈ ਮਜੀਠਾ ਇਲਾਕੇ ‘ਚ ਲੈ ਕੇ ਗਈ ਸੀ। ਇਸ ਦੌਰਾਨ ਮੁਲਜ਼ਮ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋਣ ‘ਚ ਕਾਮਯਾਬ ਹੋ ਗਿਆ। ਉਕਤ ਘਟਨਾ ਤੋਂ ਬਾਅਦ ਲਾਪਰਵਾਹੀ ਦੇ ਦੋਸ਼ ਹੇਠ ਇੱਕ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ I
ਜਿਕਰਯੋਗ ਹੈ ਕਿ ਬੀਤੀ 11 ਸਤੰਬਰ ਦੀ ਰਾਤ ਭਲਾ ਪਿੰਡ ‘ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਲਾਈਨ ‘ਚ ਤਾਇਨਾਤ ਏ. ਐੱਸ.ਆਈ ਜਸਵੰਤ ਸਿੰਘ ਮੋਟਰਸਾਈਕਲ ’ਤੇ ਆਪਣੇ ਘਰ ਅਜਨਾਲਾ ਨੂੰ ਆ ਰਹੇ ਸਨ, ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਉਨ੍ਹਾਂ ਦਾ ਪਿੱਛਾ ਕਰਦਿਆਂ ਗੋਲੀ ਚਲਾਈ ਗਈ ਸੀ। ਗੋਲੀ ਪੱਗ ਨੂੰ ਲੱਗਦੀ ਹੋਈ ਸਿਰ ਨੂੰ ਛੂਹ ਕੇ ਨਿਕਲ ਗਈ, ਜਿਸ ਕਾਰਨ ਏ. ਐੱਸ.ਆਈ ਜਸਵੰਤ ਸਿੰਘ ਨੂੰ ਮਾਮੂਲੀ ਸੱਟ ਲੱਗੀ ਸੀ। ਰਾਜਾਸਾਂਸੀ ਪੁਲਿਸ ਨੇ ਕਰਨ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ‘ਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ।
Read More: SGPC ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਮੇਤ 2 ਮੁਲਾਜ਼ਮ ਮੁਅੱਤਲ




