Kho-Kho

ਖੋ-ਖੋ ਅੰਡਰ 17 ਲੜਕੀਆਂ ‘ਚ ਸ਼ੰਕਰ ਦਾਸ ਐਕਡਮੀ ਕੁਰਾਲੀ ਨੇ ਸਰਕਾਰੀ ਕੰਨਿਆ ਸ.ਸ.ਸ.ਸ.ਕੁਰਾਲੀ ਨੂੰ ਹਰਾਇਆ

ਮਾਜਰੀ/ ਐੱਸ.ਏ.ਐੱਸ. ਨਗਰ, 04 ਸਤੰਬਰ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਲਈ ਢੁੱਕਵਾਂ ਮੰਚ ਮੁਹੱਈਆ ਕਰਵਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਮਕਸਦ ਨਾਲ ਸ਼ੁਰੂ ਕਰਵਾਈਆਂ “ਖੇਡਾਂ ਵਤਨ ਪੰਜਾਬ ਦੀਆਂ” ਦੇ ਪਹਿਲੇ ਸੀਜ਼ਨ ਕਾਰਨ ਨੌਜਵਾਨਾਂ ਅੰਦਰ ਆਪਣੀ ਖੇਡ ਪ੍ਰਤਿਭਾ ਉਜਾਗਰ ਕਰਨ ਪ੍ਰਤੀ ਵੱਡੀ ਪੱਧਰ ‘ਤੇ ਦਿਲਚਸਪੀ ਵਧੀ ਹੈ, ਜਿਸ ਸਦਕਾ ਅੱਜ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਖੇਡਾਂ ਨਾਲ ਜੁੜ ਰਹੇ ਹਨ।

ਇਹ ਪ੍ਰਗਟਾਵਾ ਐੱਸ.ਡੀ.ਐਮ. ਖਰੜ ਰਵਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਨੇ ਮਾਜਰੀ ਬਲਾਕ ਵਿਖੇ ਖੇਡਾਂ ਵਤਨ ਪੰਜਾਬ ਦੀਆਂ” 2023” ਤਹਿਤ ਬਲਾਕ ਪੱਧਰ ਦੀਆਂ ਖੇਡਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਖੇਡਾਂ ਨਾਲ ਗੂੜੀ ਰੂਚੀ ਹੈ ਅਤੇ ਅੱਜ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਖਿਡਾਰੀਆਂ ਨੂੰ ਵੱਡੀਆਂ ਸਹੂਲਤਾਂ ਦੇ ਰਹੀ ਹੈ। ਮਨੁੱਖੀ ਸਰੀਰ ਲਈ ਖੇਡਾਂ ਬਹੁਤ ਜ਼ਰੂਰੀ ਹਨ ਕਿਉਂਕਿ ਖੇਡਾਂ ਨਾਲ ਜਿਥੇ ਖਿਡਾਰੀ ਸਰੀਰਕ ਤੌਰ ‘ਤੇ ਤੰਦਰੁਸਤ ਰਹਿੰਦੇ ਹਨ ਉਥੇ ਹੀ ਮਾਨਸਿਕ ਤੌਰ ‘ਤੇ ਵੀ ਚੁਸਤ ਦਰੁਸਤ ਰਹਿੰਦੇ ਹਨ।

ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਖੇਡਾਂ ਨਾਲ ਜ਼ਰੂਰ ਜੁੜਨ ਤਾਂ ਜੋ ਸਮਾਜ ਵਿੱਚੋਂ ਅਲਾਹਮਤਾਂ ਦਾ ਖਾਤਮਾ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਨੂੰ ਖੇਡਾਂ ਵਿਚ ਮੋਹਰੀ ਸੂਬਾ ਬਣਾਇਆ ਜਾਵੇਗਾ, ਸਰਕਾਰ ਨੇ ਇਸ ਲਈ ਵੱਡਾ ਬਜਟ ਰੱਖਿਆ ਹੈ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਮੁਹਾਲੀ ਗੁਰਦੀਪ ਕੌਰ ਨੇ ਕਿਹਾ ਕਿ ਖਿਡਾਰੀਆਂ ਵਿਚ ਖੇਡਾਂ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਹੋਏ ਕਬੱਡੀ ਅੰਡਰ 14 ਲੜਕਿਆਂ ਦੇ ਮੁਕਾਬਲੇ ਵਿਚ ਖੈਰਪੁਰ ਨੇ ਕਰਤਾਰਪੁਰ ਅਤੇ ਫੁੱਟਵਾਂ ਨੇ ਖਾਲਸਾ ਕੁਰਾਲੀ ਨੂੰ ਹਰਾਇਆ। ਕਬੱਡੀ ਅੰਡਰ 17 ਲੜਕੀਆਂ ਦੇ ਮੁਕਾਬਲੇ ਵਿਚ ਹੁਸ਼ਿਆਰਪੁਰ ਨੇ ਸਿਆਲਬਾ ਅਤੇ ਬੂਥਗੜ ਨੇ ਫੁੱਟਵਾਂ ਨੂੰ ਹਰਾਇਆ।

ਰੱਸਾਕਸ਼ੀ ਅੰਡਰ 17 ਲੜਕੀਆਂ ਦੇ ਮੁਕਾਬਲੇ ਵਿਚ ਸ.ਸ.ਸ. ਸਕੂਲ ਤੀੜਾ ਨੇ ਪਹਿਲਾ ਸਥਾਨ ਅਤੇ ਸ.ਸ.ਸ. ਸਕੂਲ ਬੂਥਗੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਅੰਡਰ 17 ਲੜਕੇ ਦੇ ਮੁਕਾਬਲੇ ਵਿਚ ਸ. ਸ.ਸ. ਸਕੂਲ ਤੀੜਾ ਨੇ ਪਹਿਲਾ ਸਥਾਨ ਅਤੇ ਸ.ਸ.ਸ. ਸਕੂਲ ਬੂਥਗੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਖੋ-ਖੋ ਅੰਡਰ 14 ਲੜਕੀਆਂ ਵਿਚ ਸਰਕਾਰੀ ਮਿਡਲ ਸਕੂਲ ਮਾਜਰੀ ਨੇ ਸਰਕਾਰੀ ਸਕੂਲ ਬਹਿਲੋਲਪੁਰ ਨੂੰ ਹਰਾਇਆ। ਖੋ-ਖੋ ਅੰਡਰ 17 ਲੜਕੀਆਂ ਵਿਚ ਸ਼ੰਕਰ ਦਾਸ ਐਕਡਮੀ ਕੁਰਾਲੀ ਨੇ ਸਰਕਾਰੀ ਕੰਨਿਆ ਸ.ਸ.ਸ.ਸ.ਕੁਰਾਲੀ ਨੂੰ ਹਰਾਇਆ। ਖੋ-ਖੋ ਅੰਡਰ 14 ਲੜਕੇ ਵਿਚ ਸਰਕਾਰੀ ਹਾਈ ਸਕੂਲ ਫਾਟਵਾਂ ਨੇ ਸਰਕਾਰੀ ਮਿਡਲ ਸਕੂਲ ਮਾਜਰੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

Scroll to Top