ਸ੍ਰੀ ਚਮਕੌਰ ਸਾਹਿਬ, 14 ਜੁਲਾਈ 2023: ਸ੍ਰੀ ਆਨੰਦਪੁਰ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ (Manish Tiwari) ਨੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਬੇਲਾ ਅਤੇ ਦੋਦਪੁਰ ਵਿੱਚ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਜਿੱਥੇ ਵੱਡੀ ਗਿਣਤੀ ਵਿੱਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਐਮ.ਪੀ ਤਿਵਾੜੀ ਨੂੰ ਦੱਸਿਆ ਕਿ ਬਰਸਾਤ ਤੋਂ ਇਲਾਵਾ ਬੇਲਾ ਡਰੇਨ ਅਤੇ ਸ਼੍ਰੀ ਚਮਕੌਰ ਸਾਹਿਬ ਐਸਕੇਪ ਕਰਕੇ ਵੱਡਾ ਨੁਕਸਾਨ ਹੋਇਆ ਹੈ, ਜਿਸ ਦਾ ਮੁੱਖ ਕਾਰਨ ਇਨ੍ਹਾਂ ਦੀ ਸਫ਼ਾਈ ਨਾ ਹੋਣਾ ਹੈ। ਪਾਣੀ ਭਰਨ ਕਾਰਨ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ ਅਤੇ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਜਿਸ ‘ਤੇ ਸੰਸਦ ਮੈਂਬਰ ਤਿਵਾੜੀ (Manish Tiwari) ਨੇ ਸਿੰਚਾਈ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮੌਕੇ ‘ਤੇ ਫੋਨ ਕਰਕੇ ਡਰੇਨੇਜ ਦੀ ਸਫ਼ਾਈ ਲਈ ਜਲਦੀ ਤੋਂ ਜਲਦੀ ਕਦਮ ਚੁੱਕਣ ਲਈ ਕਿਹਾ | ਸੰਸਦ ਮੈਂਬਰ ਤਿਵਾੜੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਕੇਂਦਰ ਸਰਕਾਰ ਅੱਗੇ ਵੀ ਰੱਖਣਗੇ, ਤਾਂ ਜੋ ਲੋਕਾਂ ਦੇ ਹੋਏ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰੋਪੜ ਜ਼ਿਲ੍ਹਾ ਮੀਂਹ ਅਤੇ ਪਾਣੀ ਭਰਨ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਵੀ ਅਜਿਹੀਆਂ ਘਟਨਾਵਾਂ ਨਾ ਵਾਪਰਨ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਲਖਵਿੰਦਰ ਸਿੰਘ ਸਰਪੰਚ ਪਿੰਡ ਬੇਲਾ, ਰੋਹਿਤ ਸੱਭਰਵਾਲ ਮੈਂਬਰ ਬਲਾਕ ਸੰਮਤੀ, ਸੁਰਜੀਤ ਸਿੰਘ ਲੰਬੜਦਾਰ, ਅਮਰ ਸਿੰਘ, ਸੱਜਣ ਸਿੰਘ, ਗੁਰਜੀਤ ਸਿੰਘ, ਹਰਕੀਰਤ ਸਿੰਘ ਸਰਪੰਚ, ਪੰਚ ਗੁਰਬਚਨ ਸਿੰਘ, ਰਵਿੰਦਰ ਕੁਮਾਰ, ਰਜਿੰਦਰ ਸਿੰਘ ਲੰਬੜਦਾਰ ਆਦਿ ਹਾਜ਼ਰ ਸਨ।




