ਚੰਡੀਗੜ੍ਹ, 05 ਮਈ 2023: ਪਾਕਿਸਤਾਨ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਨੇ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ‘ਚ ਮੁਲਾਕਾਤ ਕੀਤੀ। ਸ਼ੁੱਕਰਵਾਰ ਨੂੰ ਗੋਆ ਵਿੱਚ ਐਸਸੀਓ ਦੇ ਵਿਦੇਸ਼ ਮੰਤਰੀਆਂ ਦੇ ਸਵਾਗਤ ਦੌਰਾਨ, ਐੱਸ. ਜੈਸ਼ੰਕਰ (S. Jaishankar) ਨੇ ਨਮਸਤੇ ਕਿਹਾ ਅਤੇ ਬਿਲਾਵਲ ਨੇ ਵੀ ਹੱਥ ਜੋੜ ਕੇ ਨਮਸਤੇ ਦਾ ਜਵਾਬ ਦਿੱਤਾ । ਇਸ ਦੇ ਨਾਲ ਹੀ ਪਾਕਿਸਤਾਨ ਵਿਦੇਸ਼ ਮੰਤਰੀ ਭੁੱਟੋ ਨਾਲ ਮੁਲਾਕਾਤ ਦੇ 10 ਮਿੰਟ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਤਵਾਦ ਦਾ ਮੁੱਦਾ ਉਠਾਇਆ।
ਉਨ੍ਹਾਂ (S. Jaishankar) ਕਿਹਾ ਕਿ ਅੱਤਵਾਦ ਦੁਨੀਆ ਲਈ ਵੱਡਾ ਖ਼ਤਰਾ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਅੱਤਵਾਦ ਨਾਲ ਹਰ ਰੂਪ ‘ਚ ਲੜਨਾ ਹੋਵੇਗਾ ਅਤੇ ਇਸ ਨੂੰ ਹਰ ਕੀਮਤ ‘ਤੇ ਰੋਕਣਾ ਹੋਵੇਗਾ। ਇਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੂਟਨੀਤਕ ਨੁਕਤਿਆਂ ਲਈ ਅੱਤਵਾਦ ਨੂੰ ਹਥਿਆਰ ਬਣਾਉਣਾ ਗਲਤ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਸ਼ਾਂਤੀ ਤਾਂ ਹੀ ਆ ਸਕਦੀ ਹੈ ਜਦੋਂ ਵੱਡੀਆਂ ਤਾਕਤਾਂ ਸ਼ਾਂਤੀ ਦੂਤ ਵਜੋਂ ਕੰਮ ਕਰਨ। ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਲਈ ਐਸਸੀਓ ਕਿੰਨਾ ਮਹੱਤਵਪੂਰਨ ਹੈ, ਮੈਂ ਖੁਦ ਗੋਆ ਆ ਕੇ ਜ਼ਾਹਰ ਕੀਤਾ ਹੈ। ਭਾਰਤ ਪਹੁੰਚਣ ਤੋਂ ਬਾਅਦ ਬਿਲਾਵਲ ਨੇ ਕਿਹਾ ਕਿ ਮੈਂ ਗੋਆ ਆ ਕੇ ਬਹੁਤ ਖੁਸ਼ ਹਾਂ, ਮੈਨੂੰ ਉਮੀਦ ਹੈ ਕਿ SCO ਦੀ ਮੀਟਿੰਗ ਸਫਲ ਰਹੇਗੀ।
ਐਸਸੀਓ ਦੀ ਮੀਟਿੰਗ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਮਤਾਜ਼ ਜ਼ੇਹਰਾ ਨੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਮੀਟਿੰਗ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ। ਭਾਰਤ ਨੇ ਅਜੇ ਤੱਕ ਸਾਨੂੰ ਸ਼ਿਕਾਇਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਹੈ। ਇਸ ਦੇ ਨਾਲ ਹੀ, ਵੀਰਵਾਰ ਨੂੰ ਬਿਲਾਵਲ ਭੁੱਟੋ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਐਸਸੀਓ ਦੀ ਬੈਠਕ ਵਿੱਚ ਚੀਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਉਹ ਭਾਰਤ ਵਿੱਚ ਦੋ ਇੰਟਰਵਿਊ ਵੀ ਦੇਣਗੇ। ਬਿਲਾਵਲ ਨੇ ਐਸਸੀਓ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਵੀ ਮੁਲਾਕਾਤ ਕੀਤੀ।
ਇਸ ਬੈਠਕ ‘ਚ ਪਾਕਿਸਤਾਨ ਤੋਂ ਇਲਾਵਾ ਚੀਨ, ਰੂਸ ਸਮੇਤ ਸਾਰੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸ਼ਿਰਕਤ ਕੀਤੀ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ ਅਤੇ ਰੂਸ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀ ਗੱਲਬਾਤ ਕੀਤੀ। ਭਾਰਤ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਕਰੇਗਾ।




