ਚੰਡੀਗੜ੍ਹ 20 ਜਨਵਰੀ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਫਿਲਹਾਲ ਰੈਲੀ ਦੀ ਨਵੀਂ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Praneet Kaur) ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ।
ਸੂਤਰਾਂ ਅਨੁਸਾਰ ਪ੍ਰਨੀਤ ਕੌਰ (Praneet Kaur) ਕਿਸੇ ਵੀ ਸਮੇਂ ਭਾਜਪਾ ਵਿੱਚ ਸ਼ਾਮਲ ਹੋ ਸਕਦੀ ਹੈ। ਇਸ ਦੇ ਲਈ ਉਹ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਵਾਂਗ ਦਿੱਲੀ ਵੀ ਜਾ ਸਕਦੀ ਹੈ। ਉੱਥੇ ਉਹ ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਜਪਾ ‘ਚ ਸ਼ਾਮਲ ਹੋ ਸਕਦੀ ਹੈ।
ਬੀਤੇ ਦਿਨੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ ਜਨ ਸਭਾ ‘ਚ ਕਿਹਾ ਹੈ ਕਿ ਪ੍ਰਨੀਤ ਕੌਰ ਨੂੰ ਪਾਰਟੀ ‘ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੋ ਛੱਡ ਗਏ ਹਨ, ਇਹ ਪਾਰਟੀ ਲਈ ਚੰਗਾ ਹੈ | ਇਸ ਲਈ ਪ੍ਰਨੀਤ ਕੌਰ ਨੂੰ ਵੀ ਪਾਰਟੀ ‘ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਰੰਧਾਵਾ ਨੇ ਕੈਪਟਨ ਦੇ ਪਰਿਵਾਰ ਨੂੰ ਪੰਜਾਬ ਦਾ ਗੱਦਾਰ ਨੰਬਰ-1 ਵੀ ਕਿਹਾ।