Rohit Sharma

ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ, IPL ਤੋਂ ਬਾਅਦ ਦੇਖਾਂਗੇ: ਰੋਹਿਤ ਸ਼ਰਮਾ

ਚੰਡੀਗੜ੍ਹ 09 ਜਨਵਰੀ 2023: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਕਿਹਾ ਹੈ ਕਿ ਉਨ੍ਹਾਂ ਦਾ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸੱਟ ਨੂੰ ਲੈ ਕੇ ਵੀ ਵੱਡਾ ਅਪਡੇਟ ਦਿੱਤਾ ਹੈ।

ਰੋਹਿਤ (Rohit Sharma) ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਤੁਸੀਂ ਲਗਾਤਾਰ ਮੈਚ ਖੇਡਦੇ ਰਹੋ। ਤੁਹਾਨੂੰ ਤਿੰਨੋਂ ਫਾਰਮੈਟ ਖੇਡਣ ਵਾਲੇ ਖਿਡਾਰੀਆਂ ਨੂੰ ਕਾਫ਼ੀ ਆਰਾਮ ਦੇਣਾ ਹੋਵੇਗਾ। ਮੈਂ ਵੀ ਉਨ੍ਹਾਂ ਖਿਡਾਰੀਆਂ ਵਿੱਚੋਂ ਇੱਕ ਹਾਂ। ਸਾਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਟੀ-20 ਮੈਚ ਖੇਡਣੇ ਹਨ। ਅਸੀਂ ਦੇਖਾਂਗੇ ਕਿ ਆਈਪੀਐਲ ਤੋਂ ਬਾਅਦ ਕੀ ਹੁੰਦਾ ਹੈ। ਮੈਂ ਅਜੇ ਇਸ ਫਾਰਮੈਟ ਨੂੰ ਛੱਡਣ ਦਾ ਫੈਸਲਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਰੋਹਿਤ ਨੇ ਦੱਸਿਆ ਕਿ ਜਸਪ੍ਰੀਤ ਬੁਮਰਾਹ ਨੈੱਟ ‘ਤੇ ਗੇਂਦਬਾਜ਼ੀ ਕਰਦੇ ਸਮੇਂ ਜਕੜਨ ਮਹਿਸੂਸ ਕਰ ਰਹੇ ਸਨ। ਇਸ ਕਾਰਨ ਉਹ ਵਨਡੇ ਸੀਰੀਜ਼ ‘ਚ ਨਹੀਂ ਖੇਡ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਭਾਰਤ ਦੀ ਟੀ-20 ਟੀਮ ਵਿੱਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦਾ ਹੈ ਅਤੇ ਇਸ ਫਾਰਮੈਟ ਦੀ ਕਪਤਾਨੀ ਹਾਰਦਿਕ ਪੰਡਯਾ ਨੂੰ ਦੇਣਾ ਚਾਹੁੰਦਾ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ ਦੋ ਟੀ-20 ਸੀਰੀਜ਼ ਖੇਡੀਆਂ ਅਤੇ ਦੋਵਾਂ ‘ਚ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ।

ਹਾਰਦਿਕ ਪੰਡਯਾ ਨੇ ਦੋਵਾਂ ਸੀਰੀਜ਼ ‘ਚ ਭਰਤੀ ਟੀਮ ਦੀ ਕਪਤਾਨੀ ਕੀਤੀ ਸੀ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਉਪ ਕਪਤਾਨ ਲੋਕੇਸ਼ ਰਾਹੁਲ ਨੂੰ ਵੀ ਭਾਰਤ ਦੀ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਚੋਣਕਾਰ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਨ।

ਟੀ-20 ਵਿਸ਼ਵ ਕੱਪ 2024 ਵਿੱਚ ਵੈਸਟਇੰਡੀਜ਼ ਵਿੱਚ ਹੋਣਾ ਹੈ। ਇਸ ਟੂਰਨਾਮੈਂਟ ਲਈ ਬੀਸੀਸੀਆਈ ਹਾਰਦਿਕ ਪੰਡਯਾ ਦੀ ਅਗਵਾਈ ਵਿੱਚ ਟੀਮ ਤਿਆਰ ਕਰਨਾ ਚਾਹੁੰਦਾ ਹੈ ਅਤੇ ਇਸ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਗਈ ਟੀ-20 ਲੜੀ ਨਾਲ ਹੋਈ ਹੈ।

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 10 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ‘ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਵੀ ਭਾਰਤੀ ਟੀਮ ‘ਚ ਵਾਪਸੀ ਕਰਨ ਵਾਲੇ ਸਨ ਪਰ ਜਸਪ੍ਰੀਤ ਬੁਮਰਾਹ ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਹੋ ਗਏ ਹਨ।

Scroll to Top