ਚੰਡੀਗੜ੍ਹ, 28 ਨਵੰਬਰ 2026 : ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਦੌਰਾਨ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਕੇਂਦਰ ਸਰਕਾਰ ਵੱਲੋਂ ਲੋਕ ਸਭਾ ਅਤੇ ਸੂਬਾਈ ਵਿਧਾਨ ਸਭਾਵਾਂ ਦੇ ਹਲਕਿਆਂ ਦੀ ਹੱਦਬੰਦੀ ਨੂੰ ਲੈ ਕੇ ਨਵਾਂ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਪੰਜਾਬ ਦੀ ਸਿਆਸੀ ਤਸਵੀਰ ਕਾਫ਼ੀ ਬਦਲ ਸਕਦੀ ਹੈ।
ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ, ਪ੍ਰਸਤਾਵਿਤ 50 ਫ਼ੀਸਦੀ ਵਾਧੇ ਦੇ ਫਾਰਮੂਲੇ ਤਹਿਤ ਪੰਜਾਬ ਦੀਆਂ ਲੋਕ ਸਭਾ ਸੀਟਾਂ ਮੌਜੂਦਾ 13 ਤੋਂ ਵਧ ਕੇ 20 ਹੋ ਸਕਦੀਆਂ ਹਨ। ਇਸੇ ਤਰ੍ਹਾਂ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਵੀ 117 ਤੋਂ ਵਧ ਕੇ 176 ਤੱਕ ਪਹੁੰਚਣ ਦਾ ਅਨੁਮਾਨ ਹੈ।
ਇਸ ਤਬਦੀਲੀ ਦਾ ਅਸਰ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਰਹੇਗਾ। ਚੰਡੀਗੜ੍ਹ ਦੀ ਲੋਕ ਸਭਾ ਨੁਮਾਇੰਦਗੀ ਵਿੱਚ ਵੀ ਵਾਧਾ ਹੋਣ ਦੀ ਚਰਚਾ ਹੈ। ਮੌਜੂਦਾ ਇੱਕ ਸੰਸਦੀ ਸੀਟ ਦੀ ਥਾਂ ਦੋ ਸੀਟਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸ ਪ੍ਰਸਤਾਵ ਦਾ ਇੱਕ ਹੋਰ ਅਹਿਮ ਪਹਿਲੂ ਔਰਤਾਂ ਲਈ ਰਾਖਵੀਆਂ ਸੀਟਾਂ ਨਾਲ ਜੁੜਿਆ ਹੋਇਆ ਹੈ। ਅਨੁਮਾਨ ਮੁਤਾਬਕ ਪੰਜਾਬ ਦੀਆਂ ਸੰਭਾਵਿਤ 176 ਵਿਧਾਨ ਸਭਾ ਸੀਟਾਂ ਵਿੱਚੋਂ ਲਗਭਗ 59 ਸੀਟਾਂ ਔਰਤਾਂ ਲਈ ਰਾਖਵੀਆਂ ਹੋ ਸਕਦੀਆਂ ਹਨ। ਇਸੇ ਤਰ੍ਹਾਂ 20 ਲੋਕ ਸਭਾ ਸੀਟਾਂ ਵਿੱਚੋਂ ਕਰੀਬ 7 ਸੀਟਾਂ ਔਰਤਾਂ ਦੇ ਹਿੱਸੇ ਆ ਸਕਦੀਆਂ ਹਨ। ਇਨ੍ਹਾਂ ਵਿੱਚ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਲਈ ਵੀ ਰਾਖਵਾਂਕਰਨ ਸ਼ਾਮਲ ਹੋ ਸਕਦਾ ਹੈ।
ਜੇਕਰ ਇਹ ਪ੍ਰਸਤਾਵ ਅਮਲ ਵਿੱਚ ਆਉਂਦਾ ਹੈ ਤਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਆਪਣੀ ਚੋਣ ਰਣਨੀਤੀ ਨਵੇਂ ਸਿਰੇ ਤੋਂ ਤਿਆਰ ਕਰਨੀ ਪਵੇਗੀ। ਹਾਲਾਂਕਿ, ਫਿਲਹਾਲ ਇਹ ਅੰਕੜੇ ਪ੍ਰਸਤਾਵਿਤ ਫਾਰਮੂਲੇ ਅਤੇ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੇ ਹਨ। ਇਨ੍ਹਾਂ ਨੂੰ ਅੰਤਿਮ ਫੈਸਲਾ ਨਹੀਂ ਮੰਨਿਆ ਜਾ ਸਕਦਾ।
READ MORE : ਪੰਜਾਬ ਵਾਸੀਆਂ ਨੂੰ ਮਿਲੇਗੀ ਵੱਡੀ ਸਿਹਤ ਸਹੂਲਤ, 2 ਦਸੰਬਰ ਨੂੰ ਖੁੱਲ੍ਹਣਗੇ 267 ਨਵੇਂ ਆਮ ਆਦਮੀ ਕਲੀਨਿਕ




