Chandigarh Cricket Stadium

ਬਿਸ਼ਨ ਸਿੰਘ ਬੇਦੀ ਦੀਆਂ ਯਾਦਾਂ ਨਾਲ ਭਾਵੁਕ ਹੋਈ ਪਤਨੀ ਅੰਜੂ ਬੇਦੀ, ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਦਾ ਕੀਤਾ ਦੌਰਾ

ਚੰਡੀਗੜ੍ਹ,28 ਨਵੰਬਰ 2026 : ਭਾਰਤੀ ਕ੍ਰਿਕਟ ਦੇ ਮਹਾਨ ਸਪਿੰਨਰ ਅਤੇ ਸਾਬਕਾ ਕਪਤਾਨ ਮਰਹੂਮ ਬਿਸ਼ਨ ਸਿੰਘ ਬੇਦੀ ਦੀ ਪਤਨੀ ਅੰਜੂ ਬੇਦੀ ਨੇ ਮੁੱਲਾਂਪੁਰ ਸਥਿਤ ਨਿਊ ਚੰਡੀਗੜ੍ਹ ਪੀ.ਸੀ.ਏ. ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਦੌਰਾ ਕੀਤਾ। ਇਸ ਦੌਰਾਨ ਉਹ ਆਪਣੇ ਪਤੀ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਵਿੱਚ ਗੁਆਚੀ ਨਜ਼ਰ ਆਈ। ਉਨ੍ਹਾਂ ਲਈ ਇਹ ਦੌਰਾ ਸਿਰਫ਼ ਸਟੇਡੀਅਮ ਦੇਖਣ ਤੱਕ ਸੀਮਤ ਨਹੀਂ ਸੀ, ਸਗੋਂ ਬਿਸ਼ਨ ਸਿੰਘ ਬੇਦੀ ਦੇ ਕ੍ਰਿਕਟ ਪ੍ਰਤੀ ਪਿਆਰ ਅਤੇ ਉਨ੍ਹਾਂ ਦੇ ਸ਼ਾਨਦਾਰ ਸਫ਼ਰ ਨੂੰ ਮੁੜ ਯਾਦ ਕਰਨ ਦਾ ਭਾਵੁਕ ਮੌਕਾ ਸੀ।

ਸਟੇਡੀਅਮ ਵਿੱਚ ਬਣੇ ‘ਵਾਲ ਆਫ਼ ਫੇਮ’ ਵਿੱਚ ਅੰਜੂ ਬੇਦੀ ਨੇ ਆਪਣੇ ਪਤੀ ਦੀ ਤਸਵੀਰ ਨੂੰ ਕਾਫ਼ੀ ਦੇਰ ਤੱਕ ਨਿਹਾਰਿਆ। ਇੱਥੇ ਬਿਸ਼ਨ ਸਿੰਘ ਬੇਦੀ ਦੀ ਤਸਵੀਰ ਲਾਲਾ ਅਮਰਨਾਥ, ਯਸ਼ਪਾਲ ਸ਼ਰਮਾ, ਮਹਿੰਦਰ ਅਮਰਨਾਥ ਅਤੇ ਮਦਨ ਲਾਲ ਵਰਗੇ ਮਹਾਨ ਕ੍ਰਿਕਟਰਾਂ ਦੇ ਨਾਲ ਲਗਾਈ ਗਈ ਹੈ। ਉਨ੍ਹਾਂ ਨੇ 1992-93 ਦੀ ਰਣਜੀ ਟਰਾਫੀ ਜਿੱਤਣ ਵਾਲੀ ਪੰਜਾਬ ਦੀ ਟੀਮ ਦੀ ਤਸਵੀਰ ਵੀ ਦੇਖੀ, ਜਿਸ ਦੇ ਕੋਚ ਬਿਸ਼ਨ ਸਿੰਘ ਬੇਦੀ ਸਨ।

ਇਸ ਮੌਕੇ ਉਨ੍ਹਾਂ ਨੇ ਸਟੇਡੀਅਮ ਦੇ ਉਸ ਹਿੱਸੇ ਦਾ ਵੀ ਦੌਰਾ ਕੀਤਾ, ਜਿੱਥੇ ਬਿਸ਼ਨ ਸਿੰਘ ਬੇਦੀ ਸਮੇਤ ਕਈ ਕ੍ਰਿਕਟ ਸਿਤਾਰਿਆਂ ਦੀਆਂ ਤਸਵੀਰਾਂ ਲੱਕੜ ‘ਤੇ ਉਕੇਰੀਆਂ ਗਈਆਂ ਹਨ। ਪੀ.ਸੀ.ਏ. ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਦੇ ਦਫ਼ਤਰ ਵਿੱਚ ਵੀ ਉਨ੍ਹਾਂ ਨੇ ਕਈ ਪ੍ਰਸਿੱਧ ਕ੍ਰਿਕਟਰਾਂ ਦੀਆਂ ਤਸਵੀਰਾਂ ਦੇਖੀਆਂ ਅਤੇ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਨੂੰ ਸਨਮਾਨ ਨਾਲ ਸੰਭਾਲਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਅੰਜੂ ਬੇਦੀ ਨੇ ਆਪਣੇ ਪਤੀ ਦੀਆਂ ਯਾਦਾਂ ਨੂੰ ਸਮਰਪਿਤ ਪੁਸਤਕ ‘To Bishan, With Love: Celebrating a Lifetime of Memories’ ਵੀ ਲਿਖੀ ਹੈ। ਦੌਰੇ ਦੌਰਾਨ ਉਨ੍ਹਾਂ ਨੇ ਪੀ.ਸੀ.ਏ. ਦੇ ਕਾਰਜਕਾਰੀ ਸੀ.ਈ.ਓ. ਕਰਨਲ ਵਿਕਰਾਂਤ ਸਿੰਘ ਅਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਪੀ.ਸੀ.ਏ. ਸਕੱਤਰ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਦੱਸਣਯੋਗ ਹੈ ਕਿ ਬਿਸ਼ਨ ਸਿੰਘ ਬੇਦੀ ਨੇ 1970 ਦੇ ਦਹਾਕੇ ਵਿੱਚ 22 ਟੈਸਟ ਮੈਚਾਂ ਦੌਰਾਨ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਸਾਲ 1976 ਵਿੱਚ ਉਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ ਪੋਰਟ ਆਫ਼ ਸਪੇਨ ਟੈਸਟ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਚੌਥੀ ਪਾਰੀ ਵਿੱਚ 403 ਦੌੜਾਂ ਦਾ ਟੀਚਾ ਪਾਰ ਕਰਦਿਆਂ 406 ਦੌੜਾਂ ਬਣਾਈਆਂ ਅਤੇ ਇਤਿਹਾਸਕ ਜਿੱਤ ਦਰਜ ਕੀਤੀ ਸੀ।

READ MORE : ਅਕਾਲੀ ਦਲ-BJP ਦੀ ਪਹਿਲੀ ਮੀਟਿੰਗ ‘ਚ 2027 ਚੋਣਾਂ ‘ਤੇ ਚਰਚਾ, 8 ਦਸੰਬਰ ਦੀ ਮੋਗਾ ਰੈਲੀ ਲਈ ਬਣੇਗੀ ਰਣਨੀਤੀ

ਵਿਦੇਸ਼

Scroll to Top