28 Nov, 2026 : ਚੰਡੀਗੜ੍ਹ ਵਿੱਚ ਰਾਤ ਦੀ ਸ਼ਿਫਟ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਹੈ। ਹੁਣ ਰਾਤ ਸਮੇਂ ਮਹਿਲਾ ਕਰਮਚਾਰੀਆਂ ਨੂੰ ਕੈਬ ਵਿੱਚ ਇਕੱਲੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਨਿਯਮ ਕਾਲ ਸੈਂਟਰਾਂ, ਕਾਰਪੋਰੇਟ ਦਫ਼ਤਰਾਂ, ਮੀਡੀਆ ਹਾਊਸਾਂ ਅਤੇ ਹੋਰ ਨਿੱਜੀ ਕੰਪਨੀਆਂ ‘ਤੇ ਲਾਗੂ ਹੋਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨਿਸ਼ਾਂਤ ਕੁਮਾਰ ਯਾਦਵ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 60 ਦਿਨਾਂ ਲਈ, ਯਾਨੀ 12 ਜਨਵਰੀ 2027 ਤੱਕ ਲਾਗੂ ਰਹਿਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ, ਟਰਾਂਸਪੋਰਟਰਾਂ ਅਤੇ ਕੈਬ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਰਾਤ 8 ਤੋਂ ਸਵੇਰੇ 7 ਵਜੇ ਤੱਕ ਖ਼ਾਸ ਨਿਯਮ
ਪ੍ਰਸ਼ਾਸਨ ਦੇ ਨਵੇਂ ਹੁਕਮਾਂ ਮੁਤਾਬਿਕ ਰਾਤ 8 ਵਜੇ ਤੋਂ ਸਵੇਰੇ 7 ਵਜੇ ਤੱਕ ਕਿਸੇ ਵੀ ਮਹਿਲਾ ਕਰਮਚਾਰੀ ਨੂੰ ਕੈਬ ਵਿੱਚ ਡਰਾਈਵਰ ਨਾਲ ਇਕੱਲੇ ਨਹੀਂ ਭੇਜਿਆ ਜਾ ਸਕੇਗਾ। ਕੈਬ ਵਿੱਚ ਪੁਲਿਸ ਵੱਲੋਂ ਤਸਦੀਕਸ਼ੁਦਾ ਸੁਰੱਖਿਆ ਗਾਰਡ ਜਾਂ ਪੁਰਸ਼ ਸਹਿ-ਕਰਮਚਾਰੀ ਦਾ ਹੋਣਾ ਲਾਜ਼ਮੀ ਹੋਵੇਗਾ।
ਇਸ ਤੋਂ ਇਲਾਵਾ ਕੈਬ ਦਾ ਰੂਟ ਇਸ ਤਰ੍ਹਾਂ ਤੈਅ ਕੀਤਾ ਜਾਵੇਗਾ ਕਿ ਮਹਿਲਾ ਕਰਮਚਾਰੀ ਨੂੰ ਸਭ ਤੋਂ ਪਹਿਲਾਂ ਪਿਕਅੱਪ ਜਾਂ ਸਭ ਤੋਂ ਆਖ਼ਰ ਵਿੱਚ ਡਰੌਪ ਨਾ ਕੀਤਾ ਜਾਵੇ।
ਘਰ ਦੇ ਦਰਵਾਜ਼ੇ ਤੱਕ ਛੱਡਣਾ ਹੋਵੇਗਾ ਲਾਜ਼ਮੀ
ਨਵੇਂ ਨਿਯਮਾਂ ਅਨੁਸਾਰ ਕੈਬ ਚਾਲਕ ਮਹਿਲਾ ਕਰਮਚਾਰੀ ਨੂੰ ਉਸ ਦੇ ਘਰ ਦੇ ਦਰਵਾਜ਼ੇ ਤੱਕ ਛੱਡੇਗਾ। ਇਸ ਤੋਂ ਬਾਅਦ ਉਸ ਨੂੰ ਫੋਨ ਰਾਹੀਂ ਇਹ ਪੁਸ਼ਟੀ ਵੀ ਕਰਨੀ ਹੋਵੇਗੀ ਕਿ ਮਹਿਲਾ ਸੁਰੱਖਿਅਤ ਘਰ ਅੰਦਰ ਪਹੁੰਚ ਗਈ ਹੈ। ਜੇਕਰ ਘਰ ਤੱਕ ਕੈਬ ਜਾਣ ਦਾ ਰਸਤਾ ਨਹੀਂ ਹੈ ਤਾਂ ਸੁਰੱਖਿਆ ਗਾਰਡ ਜਾਂ ਪੁਰਸ਼ ਸਹਿ-ਕਰਮਚਾਰੀ ਉਸ ਦੇ ਨਾਲ ਪੈਦਲ ਜਾਵੇਗਾ।
ਕੈਬਾਂ ‘ਚ GPS ਅਤੇ ਡਰਾਈਵਰਾਂ ਦਾ ਰਿਕਾਰਡ ਜ਼ਰੂਰੀ
ਪ੍ਰਸ਼ਾਸਨ ਨੇ ਸਾਰੀਆਂ ਕੈਬਾਂ ਵਿੱਚ GPS ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀਆਂ ਅਤੇ ਟਰਾਂਸਪੋਰਟਰਾਂ ਨੂੰ ਡਰਾਈਵਰਾਂ, ਸੁਰੱਖਿਆ ਕਰਮਚਾਰੀਆਂ ਅਤੇ ਹੋਰ ਸਟਾਫ਼ ਦਾ ਪੂਰਾ ਰਿਕਾਰਡ ਰੱਖਣਾ ਪਵੇਗਾ। ਲੋੜ ਪੈਣ ‘ਤੇ ਇਹ ਜਾਣਕਾਰੀ ਪੁਲਸ ਅਤੇ ਸਰਕਾਰੀ ਏਜੰਸੀਆਂ ਨੂੰ ਦੇਣੀ ਹੋਵੇਗੀ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਾਤ ਸਮੇਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਕਦਮ ਚੁੱਕੇ ਗਏ ਹਨ। ਹੁਣ ਕੰਪਨੀਆਂ ਅਤੇ ਕੈਬ ਸੇਵਾ ਦੇਣ ਵਾਲੀਆਂ ਏਜੰਸੀਆਂ ਲਈ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
READ MORE : ਪੰਜਾਬ ਕਾਂਗਰਸ ‘ਚ ਟਿਕਟਾਂ ਨੂੰ ਲੈ ਕੇ ਮੰਥਨ ਤੇਜ਼, ਪਰਗਟ ਸਿੰਘ ਬੋਲੇ- ਜਿੱਤਣ ਦੀ ਸਮਰੱਥਾ ਦੇ ਆਧਾਰ ‘ਤੇ ਮਿਲੇਗੀ ਟਿਕਟ




