Harbhajan Singh ETO

ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੰਜਾਬ ਦੇ ਸਾਰੇ ਪੁਲਾਂ ਦੇ ਨਿਰੀਖਣ ਦੇ ਨਿਰਦੇਸ਼

ਚੰਡੀਗੜ੍ਹ, 27 ਨਵੰਬਰ 2026: ਪਟਿਆਲਾ ਜ਼ਿਲ੍ਹੇ ‘ਚ ਕੌਮੀ ਰਾਜਮਾਰਗ ‘ਤੇ ਸਥਿਤ ਪੁਲ ਦੇ ਹਾਲ ਹੀ ‘ਚ ਢਹਿ ਜਾਣ ਦਾ ਗੰਭੀਰ ਨੋਟਿਸ ਲੈਂਦੇ ਹੋਏ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਲੋਕ ਨਿਰਮਾਣ ਵਿਭਾਗ ਦੇ ਸਾਰੇ ਸੀਨੀਅਰ ਫੀਲਡ ਇੰਜੀਨੀਅਰਿੰਗ ਅਫ਼ਸਰਾਂ ਨੂੰ ਸੂਬੇ ਭਰ ‘ਚ ਆਪੋ-ਆਪਣੇ ਅਧਿਕਾਰ ਖੇਤਰ ‘ਚ ਆਉਣ ਵਾਲੇ ਪੁਲਾਂ ਦਾ ਨਿਰੀਖਣ ਕਰਨ ਦੇ ਆਦੇਸ਼ ਦਿੱਤੇ ਹਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਆਉਣ-ਜਾਣ ਵਾਲੇ ਲੋਕਾਂ ਦੀ ਸੁਰੱਖਿਆ ਬੇਹੱਦ ਮਹੱਤਵਪੂਰਨ ਹੈ ਅਤੇ ਫੀਲਡ ਅਧਿਕਾਰੀਆਂ ਨੂੰ ਪੁਲਾਂ ਦੀ ਨੀਂਹ, ਖੰਭੇ, ਅਬਟਮੈਂਟ, ਡੈੱਕ ਅਤੇ ਹੋਰ ਮਹੱਤਵਪੂਰਨ ਹਿੱਸਿਆਂ ਸਮੇਤ ਢਾਂਚਾਗਤ ਸਥਿਤੀ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਢਾਂਚਾਗਤ ਖਰਾਬੀ ਦਾ ਤੁਰੰਤ ਮੁਲਾਂਕਣ ਕਰਕੇ ਜ਼ਰੂਰੀ ਰੋਕਥਾਮ ਉਪਾਅ ਕੀਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਲੋੜ ਹੋਵੇ, ਖਾਸ ਕਰਕੇ ਪੁਰਾਣੇ ਅਤੇ ਕਮਜ਼ੋਰ ਪੁਲਾਂ ਲਈ ਵਿਸ਼ੇਸ਼ ਏਜੰਸੀਆਂ, ਨਾਮਵਰ ਤਕਨੀਕੀ ਸੰਸਥਾਵਾਂ ਜਾਂ ਢਾਂਚਾਗਤ ਇੰਜੀਨੀਅਰਿੰਗ ਮਾਹਰਾਂ ਨੂੰ ਵਿਸਤ੍ਰਿਤ ਢਾਂਚਾਗਤ ਸੁਰੱਖਿਆ ਆਡਿਟ ਅਤੇ ਨਾਨ-ਡਿਸਟ੍ਰੱਕਟਿਵ ਟੈਸਟਿੰਗ ਕਰਨ ਦਾ ਕੰਮ ਸੌਂਪਿਆ ਜਾ ਸਕਦਾ ਹੈ।

ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਨਿਰੀਖਣ ਪਹਿਲ ਦੇ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਨਤੀਜਿਆਂ ਦੇ ਨਾਲ-ਨਾਲ ਜ਼ਰੂਰੀ ਮੁਰੰਮਤ, ਮਜ਼ਬੂਤੀ ਜਾਂ ਪੁਨਰਵਾਸ ਲਈ ਸਿਫ਼ਾਰਸ਼ਾਂ ਨੂੰ ਸਹੀ ਢੰਗ ਨਾਲ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਟਰਾਂਸਪੋਰਟ ਨੈੱਟਵਰਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਬੈਠਕ ਦੌਰਾਨ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰ ਖੇਤਰ ‘ਚ ਆਉਂਦੇ ਰਾਜ ਮਾਰਗਾਂ ਅਤੇ ਸੰਪਰਕ ਸੜਕਾਂ ਨਾਲ ਸਬੰਧਤ ਚੱਲ ਰਹੇ ਕਾਰਜਾਂ ਦੀ ਹਲਕਾ-ਵਾਰ ਅਤੇ ਡਿਵੀਜ਼ਨ-ਵਾਰ ਸਥਿਤੀ ਦਾ ਵੀ ਜਾਇਜ਼ਾ ਲਿਆ।

ਕਾਰਜਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸੂਬੇ ‘ਚ ਸੰਪਰਕ ਸੜਕਾਂ ਨਾਲ ਸਬੰਧਤ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ਕਿ ਐਸਏਐਸਸੀਆਈ, ਪੀਐਮਜੀਐਸਵਾਈ ਅਤੇ ਨਾਬਾਰਡ ਆਦਿ ਨੂੰ ਨਿਰਧਾਰਤ ਟੀਚਿਆਂ ਮੁਤਾਬਕ ਸਮੇਂ ਸਿਰ ਮੁਕੰਮਲ ਕੀਤਾ ਜਾਵੇ।

ਇਸ ਤੋਂ ਇਲਾਵਾ, ਸਰਦੀਆਂ ਦੇ ਮੌਸਮ ‘ਚ ਧੁੰਦ ਦੌਰਾਨ ਸੜਕੀ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ, ਬਾਕੀ ਰਹਿੰਦੀਆਂ ਸੜਕਾਂ ‘ਤੇ ਲੇਨ ਮਾਰਕਿੰਗ ਅਤੇ ਹੋਰ ਉਪਕਰਣ ਲਗਾਉਣ ਦੇ ਨਿਰਦੇਸ਼ ਦਿੱਤੇ ਗਏ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚ 45,000 ਕਿਲੋਮੀਟਰ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ।

Read More: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਗਊਸ਼ਾਲਾਵਾਂ ਲਈ ₹100 ਕਰੋੜ ਦੇ ਬਜਟ ਨੂੰ ਮਨਜ਼ੂਰੀ

ਵਿਦੇਸ਼

Scroll to Top