ਹਰਿਆਣਾ, 13 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਿਜਲੀ ਨਿਗਮਾਂ ਦੀ ਸਮੀਖਿਆ ਬੈਠਕ ਦੌਰਾਨ ਕਿਹਾ ਕਿ ਨਾਗਰਿਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਲਈ ਅਧਿਕਾਰੀ ਬਿਜਲੀ ਨਾਲ ਸਬੰਧਤ ਕੰਮਾਂ ਨੂੰ ਪਹਿਲ ਦੇਣ ਅਤੇ ਖਪਤਕਾਰਾਂ ਨੂੰ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ।
ਮੁੱਖ ਮੰਤਰੀ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਸਾਰੇ ਬਿਜਲੀ ਨਿਗਮਾਂ ਦੇ ਅਧਿਕਾਰੀਆਂ ਨਾਲ ਹੋਈ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ, ਮੁੱਖ ਸਕੱਤਰ ਅਨੁਰਾਗ ਰਸਤੋਗੀ ਅਤੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਵੀ ਮੌਜੂਦ ਸਨ।
ਉਦਯੋਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਹੁਕਮ
ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਇੱਕ ਮਿਲੇਨੀਅਮ ਸਿਟੀ ਹੈ। ਇੱਥੋਂ ਦੀਆਂ ਗਰੁੱਪ ਹਾਊਸਿੰਗ ਸੁਸਾਇਟੀਆਂ ਵਿੱਚ ਰਹਿਣ ਵਾਲੇ ਆਰਡਬਲਿਊਏ ਖਪਤਕਾਰਾਂ ਨੂੰ ਮਹਿੰਗੀਆਂ ਦਰਾਂ ‘ਤੇ ਬਿਜਲੀ ਸਪਲਾਈ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਬਿਜਲੀ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਸਬੰਧਤ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਨਿਯਮ ਅਤੇ ਮਾਪਦੰਡ ਤੈਅ ਕਰਨ ਅਤੇ ਖਪਤਕਾਰਾਂ ਲਈ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ।
ਉਨ੍ਹਾਂ ਗੁਰੂਗ੍ਰਾਮ ਦੇ ਸੈਕਟਰ-57 ਸਥਿਤ 220 ਕੇਵੀ ਸਬ-ਸਟੇਸ਼ਨ ਵਿੱਚ ਵਾਧੂ ਟਰਾਂਸਫਾਰਮਰ ਲਗਾਉਣ, ਸੈਕਟਰ-38 ਦੇ ਪਾਵਰ ਹਾਊਸ ਦੀ ਚਾਰਦੀਵਾਰੀ ਬਣਾਉਣ, ਘਰੌਂਡਾ ਅਤੇ ਨੰਗਲ ਚੌਧਰੀ ਸਬ-ਸਟੇਸ਼ਨਾਂ ‘ਚ ਕੰਟਰੋਲ ਰੂਮ ਸਥਾਪਤ ਕਰਨ ਅਤੇ ਮਲਿਕਪੁਰ ਤੇ ਮਾਨੇਸਰ ਸਬ-ਸਟੇਸ਼ਨਾਂ ਦੀ ਚਾਰਦੀਵਾਰੀ ਬਣਾਉਣ ਦੇ ਕੰਮ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਫਰੀਦਾਬਾਦ ਇੱਕ ਉਦਯੋਗਿਕ ਸ਼ਹਿਰ ਹੈ। ਇਸ ਲਈ ਉਦਯੋਗਾਂ ਨੂੰ ਵੀ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਦਾ ਕੰਮ ਸੁਚਾਰੂ ਢੰਗ ਨਾਲ ਚੱਲਦਾ ਰਹੇ।ਉਨ੍ਹਾਂ ਬਿਜਲੀ ਦੇ ਗਲਤ ਬਿੱਲਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਹੱਲ ਲਈ ਬਿਹਤਰ ਨੀਤੀ ਤਿਆਰ ਕਰਨ, ਹੈਲਪਲਾਈਨ ਰਾਹੀਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।
ਨੌਕਰੀ ਸੁਰੱਖਿਆ ਲਈ ਜ਼ਰੂਰੀ ਹਫਤੇ ‘ਚ ਪੂਰੀਆਂ ਕਰਨ ਦੇ ਹੁਕਮ
ਬੈਠਕ ਦੌਰਾਨ ਮੁੱਖ ਮੰਤਰੀ ਨੇ ਬਿਜਲੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ 500 ਰੁਪਏ ਮਹੀਨਾਵਾਰ ਜੋਖ਼ਮ ਭੱਤਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੌਜਵਾਨਾਂ ਦੀ ਨੌਕਰੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਵਿਭਾਗੀ ਮੁਖੀਆਂ (ਐਚਓਡੀਜ਼) ਨੂੰ ਲੋੜੀਂਦੀਆਂ ਰਸਮੀ ਕਾਰਵਾਈਆਂ ਇੱਕ ਹਫ਼ਤੇ ਦੇ ਅੰਦਰ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ। ਇਸ ਐਲਾਨ ਨਾਲ ਬਿਜਲੀ ਨਿਗਮਾਂ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਸਿੱਧਾ ਵਿੱਤੀ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੜਕਾਂ ਦੇ ਕਿਨਾਰੇ ਬਿਜਲੀ ਦੀਆਂ ਲਾਈਨਾਂ ਵਿਛਾਉਂਦੇ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਸੜਕਾਂ ਦੇ ਚੌੜੀਕਰਨ ਅਤੇ ਮਜ਼ਬੂਤੀਕਰਨ ਦੌਰਾਨ ਬਿਜਲੀ ਦੇ ਖੰਭਿਆਂ ਕਾਰਨ ਕੋਈ ਰੁਕਾਵਟ ਨਾ ਆਵੇ। ਇਸ ਲਈ ਲਾਈਨਾਂ ਵਿਛਾਉਣ ਦੀ ਯੋਜਨਾ ਪਹਿਲਾਂ ਤੋਂ ਹੀ ਢੁਕਵੇਂ ਢੰਗ ਨਾਲ ਤਿਆਰ ਕੀਤੀ ਜਾਵੇ।
ਉਨ੍ਹਾਂ ਬਿਜਲੀ ਘਰਾਂ ਦੇ ਕੰਮਾਂ ‘ਚ ਨਵੀਨਤਮ ਜੀ.ਆਈ.ਐੱਸ. ਤਕਨੀਕ ਦੀ ਵਰਤੋਂ ਕਰਨ ਅਤੇ ਬਿਜਲੀ ਨਿਗਮਾਂ ‘ਚ ਇੱਕ ਵਾਧੂ ਟਰਾਂਸਫਾਰਮਰ ਉਪਲਬਧ ਰੱਖਣ ਦੇ ਪ੍ਰਬੰਧ ਕਰਨ ਲਈ ਵੀ ਕਿਹਾ।
ਕਿਸਾਨਾਂ ਦੇ ਖੇਤਾਂ ਦੀਆਂ ਵੱਟਾਂ ‘ਤੇ ਲਗਾਏ ਜਾਣਗੇ ਸੋਲਰ ਪੈਨਲ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉੱਨਤੀ ਮਹਾਅਭਿਆਨ ਤਹਿਤ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਦੇ ਖੇਤਾਂ ਦੀਆਂ ਵੱਟਾਂ ‘ਤੇ ਸੋਲਰ ਪੈਨਲ ਲਗਾਉਣ ਦੀ ਯੋਜਨਾ ਤਿਆਰ ਕੀਤੀ ਜਾਵੇ। ਇਸ ਨਾਲ ਕਿਸਾਨਾਂ ਦੀ ਆਮਦਨ ਦਾ ਨਵਾਂ ਸਾਧਨ ਬਣੇਗਾ ਅਤੇ ਹਰਿਆਣਾ ਬਿਜਲੀ ਦੇ ਖੇਤਰ ‘ਚ ਆਤਮਨਿਰਭਰ ਬਣ ਸਕੇਗਾ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਵਿੱਚੋਂ ਘੱਟ ਲਾਈਨ ਲੌਸ ਅਤੇ 100 ਫ਼ੀਸਦੀ ਬਿਜਲੀ ਬਿੱਲਾਂ ਦੀ ਅਦਾਇਗੀ ਵਾਲੇ ਇੱਕ ਪਿੰਡ ਦੀ ਚੋਣ ਪਾਇਲਟ ਪ੍ਰੋਜੈਕਟ ਤਹਿਤ ਕੀਤੀ ਜਾਵੇ ਅਤੇ ਉਸ ਨੂੰ ਸਮਾਰਟ ਪਿੰਡ ਵਜੋਂ ਵਿਕਸਤ ਕੀਤਾ ਜਾਵੇ। ਇਹ ਪ੍ਰਕਿਰਿਆ ਵੱਡੇ ਸ਼ਹਿਰਾਂ ‘ਚ ਵੀ ਅਪਣਾਈ ਜਾਵੇ, ਤਾਂ ਜੋ ਸੂਰਜੀ ਊਰਜਾ ਦਾ ਉਤਪਾਦਨ ਵਧਾਇਆ ਜਾ ਸਕੇ।
ਪੇਂਡੂ ਖੇਤਰ ਦੇ ਖਪਤਕਾਰਾਂ ਲਈ ਸੌਰ ਊਰਜਾ ਆਧਾਰਿਤ ਬਣਾਈ ਜਾਵੇ ਯੋਜਨਾ
ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰਾਂ ਦੇ ਖਪਤਕਾਰਾਂ ਲਈ ਸੂਰਜੀ ਊਰਜਾ ‘ਤੇ ਆਧਾਰਿਤ ਅਜਿਹੀ ਯੋਜਨਾ ਤਿਆਰ ਕੀਤੀ ਜਾਵੇ, ਜਿਸ ਤਹਿਤ ਉਨ੍ਹਾਂ ਨੂੰ ਪਾਵਰ ਪਲਾਂਟ ਰਾਹੀਂ ਪੈਦਾ ਕੀਤੀ 350 ਯੂਨਿਟ ਬਿਜਲੀ ਆਸਾਨੀ ਨਾਲ ਮਿਲ ਸਕੇ ਅਤੇ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਸਕਣ।ਇਸ ਯੋਜਨਾ ਤਹਿਤ ਹਰ ਖਪਤਕਾਰ ਦੇ ਘਰ ‘ਚ ਘੱਟੋ-ਘੱਟ 2 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਲਗਾਇਆ ਜਾਵੇ ਅਤੇ ਉਸ ਨੂੰ 78,000 ਰੁਪਏ ਦੀ ਸਬਸਿਡੀ ਦਾ ਪੂਰਾ ਲਾਭ ਦਿੱਤਾ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ 5 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਖਪਤਕਾਰਾਂ ਨੂੰ ਸੋਲਰ ਪਾਵਰ ਪਲਾਂਟ ਲਗਾਉਣ ਲਈ ਸਰਕਾਰ ਵੱਲੋਂ ਇੱਕ ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਵਿੱਚ ਸਰਕਾਰ ਵੱਲੋਂ 22,000 ਰੁਪਏ ਦੀ ਵਾਧੂ ਰਕਮ ਵੀ ਦਿੱਤੀ ਜਾਵੇਗੀ।
ਬੈਠਕ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਬੱਸ ਅੱਡਿਆਂ, ਸਕੂਲਾਂ, ਮੈਡੀਕਲ ਸੰਸਥਾਵਾਂ, ਵਿਦਿਅਕ ਸੰਸਥਾਵਾਂ ਅਤੇ ਮਿੰਨੀ ਸਕੱਤਰੇਤਾਂ ਸਮੇਤ ਸਰਕਾਰੀ ਇਮਾਰਤਾਂ ‘ਤੇ ਸੋਲਰ ਪਾਵਰ ਪਲਾਂਟ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਬਾਇਓਮਾਸ ਪਾਵਰ ਪ੍ਰੋਜੈਕਟ ਤਹਿਤ ਸੂਬੇ ਦੇ 13 ਜ਼ਿਲ੍ਹਿਆਂ ਵਿੱਚ 25 ਮੈਗਾਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟ ਲਗਾਏ ਜਾਣਗੇ। ਮੁੱਖ ਮੰਤਰੀ ਨੇ ਇਨ੍ਹਾਂ ਪਲਾਂਟਾਂ ਨੂੰ ਜਲਦੀ ਤੋਂ ਜਲਦੀ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਣਨ ਵਾਲੀਆਂ 248 ਨਵੀਆਂ ਸਕੂਲੀ ਇਮਾਰਤਾਂ ‘ਤੇ ਸੋਲਰ ਪਲਾਂਟ ਲਗਾਏ ਜਾਣ ਅਤੇ ਸਾਰੇ ਸਕੂਲਾਂ ‘ਚ ਸੂਰਜੀ ਊਰਜਾ ਦੇ ਪਲਾਂਟ ਲਗਾਉਣੇ ਯਕੀਨੀ ਬਣਾਏ ਜਾਣ।
ਮੁੱਖ ਮੰਤਰੀ ਨੇ ਯਮੁਨਾਨਗਰ ‘ਚ 800 ਮੈਗਾਵਾਟ ਦਾ ਪਾਵਰ ਪਲਾਂਟ ਸਥਾਪਤ ਕਰਨ ਅਤੇ ਝੱਜਰ ਤੇ ਪਾਣੀਪਤ ਵਿੱਚ ਵਾਧੂ ਪਾਵਰ ਪਲਾਂਟ ਲਗਾਉਣ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।ਇਸ ਤੋਂ ਇਲਾਵਾ ਹਿਸਾਰ ਦੇ ਖੇਦੜ ‘ਚ ਇੱਕ ਹੋਰ ਯੂਨਿਟ ਲਗਾਈ ਜਾਵੇਗੀ। ਹਿਸਾਰ ‘ਚ ਇਸ ਸਬੰਧੀ ਕੰਮ ਸ਼ੁਰੂ ਹੋ ਚੁੱਕਾ ਹੈ, ਜਦਕਿ ਪਾਣੀਪਤ ‘ਚ ਵੀ ਇਸ ਯੋਜਨਾ ਨੂੰ ਜਲਦੀ ਅਮਲੀ ਰੂਪ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਾਣੀਪਤ ਦੇ ਪਿੰਡ ਆਸਨ ਕਲਾਂ ‘ਚ 30 ਏਕੜ ਜ਼ਮੀਨ ‘ਤੇ ਸੈਂਟਰਲ ਪਾਵਰ ਰਿਸਰਚ ਇੰਸਟੀਚਿਊਟ ਦੀ ਟੈਸਟਿੰਗ ਲੈਬ ਸਥਾਪਤ ਕੀਤੀ ਜਾਵੇਗੀ।
Read More: ਵਿਰੋਧੀ ਧਿਰ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ‘ਤੇ ਦੇਸ਼ ਦੀ ਸ਼ਾਂਤੀ ਭੰਗ ਕਰ ਰਹੀ ਹੈ: ਅਨਿਲ ਵਿਜ




