ਹਰਿਆਣਾ ਸਰਕਾਰ ਨੇ ਪਰਿਵਾਰ ਦੀ ਸਾਲਾਨਾ ਆਮਦਨ ਦੀ ਸੀਮਾ ਵਧਾ ਕੇ 1.80 ਲੱਖ ਕੀਤੀ
ਚੰਡੀਗੜ੍ਹ 10 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਹਰਿਆਣਾ ਕੈਬਿਨਟ ਦੀ ਮੀਟਿੰਗ ਵਿੱਚ ‘ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ‘ ਵਿੱਚ ਅਹਿਮ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ। ਇਹਨਾਂ ਬਦਲਾਅ ਦਾ ਮਕਸਦ ਯੋਜਨਾ ਦਾ ਲਾਭ ਵੱਧ ਤੋਂ ਵੱਧ ਯੋਗ ਮਹਿਲਾਵਾਂ ਤੱਕ ਪਹੁੰਚਾਉਣਾ, ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਅਤੇ ਆਰਥਿਕ ਸਹਾਇਤਾ ਪਹੁੰਚਾਉਣ ਦੇ ਸਿਸਟਮ ਨੂੰ ਮਜ਼ਬੂਤ ਕਰਨਾ ਹੈ। ਇਹ ਸੋਧਾਂ 01 ਨਵੰਬਰ, 2026 ਤੋਂ ਪ੍ਰਭਾਵੀ ਹੋਣਗੀਆਂ।
ਮਨਜ਼ੂਰ ਕੀਤੇ ਗਏ ਬਦਲਾਵਾਂ ਤਹਿਤ, ਯੋਜਨਾ ਲਈ ਪਰਿਵਾਰ ਦੀ ਸਾਲਾਨਾ ਆਮਦਨ ਦੀ ਯੋਗਤਾ ਸੀਮਾ 1 ਲੱਖ ਤੋਂ ਵਧਾ ਕੇ 1.80 ਲੱਖ ਰੁਪਏ ਕਰ ਦਿੱਤੀ ਗਈ ਹੈ।
ਇਸ ਯੋਜਨਾ ਦਾ ਮਕਸਦ ਮਹਿਲਾਵਾਂ ਦੀ ਆਰਥਿਕ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਕੇ ਅਤੇ ਉਹਨਾਂ ਨੂੰ ਸਮਾਜਿਕ ਸੁਰੱਖਿਆ ਦੇ ਕੇ ਮਹਿਲਾ ਸ਼ਕਤੀਕਰਨ ਨੂੰ ਬੜ੍ਹਾਵਾ ਦੇਣਾ ਹੈ। ਅਜੇ 10 ਲੱਖ ਤੋਂ ਵੱਧ ਮਹਿਲਾਵਾਂ ਇਸ ਪਹਿਲਕਦਮੀ ਦਾ ਲਾਭ ਉਠਾ ਰਹੀਆਂ ਹਨ।
ਕੈਬਿਨਟ ਨੇ ਉਸ ਪ੍ਰਬੰਧ ਨੂੰ ਹਟਾਉਣ ਨੂੰ ਵੀ ਮਨਜ਼ੂਰੀ ਦਿੱਤੀ, ਜਿਸ ਤਹਿਤ ਲਾਭਪਾਤਰੀ ਘੱਟ ਮਹੀਨਾਵਾਰ ਸਹਾਇਤਾ ਰਾਸ਼ੀ ਚੁਣ ਸਕਦੇ ਸਨ। ਇਸ ਬਦਲਾਅ ਨਾਲ ਸਾਰੇ ਯੋਗ ਲਾਭਪਾਤਰੀਆਂ ਨੂੰ 2,100 ਰੁਪਏ ਪ੍ਰਤੀ ਮਹੀਨਾ ਦਾ ਤੈਅ ਲਾਭ ਮਿਲੇਗਾ, ਜਿਸ ਨਾਲ ਭੁਗਤਾਨ ਵਿੱਚ ਇੱਕਸਾਰਤਾ ਆਵੇਗੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਆਸਾਨ ਹੋਵੇਗੀ।
ਯੋਜਨਾ ਦੇ ਭੁਗਤਾਨ ਸਿਸਟਮ ਤਹਿਤ, ਨਵੇਂ ਲਾਭਪਾਤਰੀਆਂ ਲਈ ਪਹਿਲੀ ਕਿਸ਼ਤ ਪੂਰੀ ਤਰ੍ਹਾਂ ਉਹਨਾਂ ਦੇ ਬਚਤ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਵੇਗੀ। ਦੂਜੇ ਮਹੀਨੇ ਤੋਂ, 1,100 ਰੁਪਏ ਸਿੱਧੇ ਲਾਭਪਾਤਰੀ ਦੇ ਬਚਤ ਖਾਤੇ ਵਿੱਚ ਜਮ੍ਹਾਂ ਕੀਤੇ ਜਾਣਗੇ, ਜਦਕਿ 1,000 ਰੁਪਏ ਯੋਜਨਾ ਦੇ ਪ੍ਰਬੰਧਾਂ ਅਨੁਸਾਰ ਸਰਕਾਰ ਦੁਆਰਾ ਚਲਾਈ ਜਾ ਰਹੀ ਆਵਰਤੀ ਜਮ੍ਹਾਂ ਜਾਂ ਸਾਵਧੀ ਜਮ੍ਹਾਂ ਖਾਤੇ ਵਿੱਚ ਜਮ੍ਹਾਂ ਕੀਤੇ ਜਾਣਗੇ।
Read More: ਸਥਾਨਕ ਸਰਕਾਰਾਂ ਨੂੰ ਛੇਵੇਂ ਰਾਜ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਵੰਡੀ ਜਾਵੇਗੀ ਰਾਸ਼ੀ




