ਹਰਿਆਣਾ, 10 ਅਕਤੂਬਰ 2026: ਹਰਿਆਣਾ ‘ਚ ਹਿੰਸਾ ਤੋਂ ਪੀੜਤ ਔਰਤਾਂ ਲਈ ‘ਸਖੀ-ਵਨ ਸਟਾਪ ਸੈਂਟਰ’ ਯੋਜਨਾ ਇੱਕ ਵੱਡਾ ਸਹਾਰਾ ਸਾਬਤ ਹੋ ਰਹੀ ਹੈ। “ਸਸ਼ਕਤ ਮਹਿਲਾ, ਸੁਰੱਖਿਅਤ ਮਹਿਲਾ” ਦੇ ਸੰਦੇਸ਼ ਨਾਲ ਕੰਮ ਕਰ ਰਹੇ ਇਨ੍ਹਾਂ ਕੇਂਦਰਾਂ ਰਾਹੀਂ ਸਰੀਰਕ, ਭਾਵਨਾਤਮਕ, ਮਾਨਸਿਕ ਜਾਂ ਆਰਥਿਕ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਇੱਕੋ ਛੱਤ ਹੇਠਾਂ ਸਾਰੀਆਂ ਜ਼ਰੂਰੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ‘ਚ ਮੌਜੂਦਾ ‘ਚ 22 ਵਨ ਸਟਾਪ ਸੈਂਟਰ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਇਨ੍ਹਾਂ ‘ਚੋਂ 10 ਸੈਂਟਰ ਆਪਣੇ ਖੁਦ ਦੇ ਭਵਨਾਂ ਤੋਂ ਚਲਾਏ ਜਾ ਰਹੇ ਹਨ ਅਤੇ 5 ਨਵੇਂ ਵਾਧੂ ਵਨ ਸਟਾਪ ਸੈਂਟਰ ਵੀ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਰਾਹੀਂ ਸਤੰਬਰ 2026 ਤੱਕ ਕੁੱਲ 66,818 ਮਾਮਲਿਆਂ ਦਾ ਨਿਪਟਾਰਾ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਕੇਂਦਰਾਂ ‘ਤੇ ਪੀੜਤ ਔਰਤਾਂ ਨੂੰ ਤੁਰੰਤ ਡਾਕਟਰੀ ਸਹਾਇਤਾ, ਮੁਕੱਦਮੇ ਲਈ ਕਾਨੂੰਨੀ ਸਹਾਇਤਾ, ਸਮਾਜਿਕ ਅਤੇ ਮਨੋਵਿਗਿਆਨਕ ਸਲਾਹ, ਐਫ.ਆਈ.ਆਰ. ਦਰਜ ਕਰਵਾਉਣ ਅਤੇ ਪੁਲਿਸ ਸੁਰੱਖਿਆ ‘ਚ ਸਹਾਇਤਾ ਦੇ ਨਾਲ-ਨਾਲ 20 ਦਿਨਾਂ ਤੱਕ ਦਾ ਥੋੜ੍ਹੇ ਸਮੇਂ ਲਈ ਸੁਰੱਖਿਅਤ ਅਸਥਾਈ ਆਸਰਾ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਅਸਥਾਈ ਆਸਰੇ ‘ਚ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ (ਕਿਸੇ ਵੀ ਉਮਰ ਦੀਆਂ ਕੁੜੀਆਂ ਅਤੇ 12 ਸਾਲ ਤੱਕ ਦੇ ਮੁੰਡੇ) ਲਈ ਬੁਨਿਆਦੀ ਸਹੂਲਤਾਂ ਸ਼ਾਮਲ ਹਨ। ਜੇਕਰ ਕਿਸੇ ਪੀੜਤਾ ਨੂੰ 20 ਦਿਨਾਂ ਤੋਂ ਵੱਧ ਸਮੇਂ ਦੇ ਠਹਿਰਾਅ ਜਾਂ ਲੰਬੇ ਸਮੇਂ ਦੇ ਮੁੜ ਵਸੇਬੇ ਦੀ ਜ਼ਰੂਰਤ ਹੁੰਦੀ ਹੈ, ਤਾਂ ਉਨ੍ਹਾਂ ਨੂੰ ਨਾਰੀ ਨਿਕੇਤਨ (ਕਰਨਾਲ), ਮਹਿਲਾ ਆਸ਼ਰਮ (ਰੋਹਤਕ) ਵਰਗੀਆਂ ਸਰਕਾਰੀ ਸੰਸਥਾਵਾਂ ਜਾਂ ਭਾਈ ਕਨ੍ਹਈਆ ਲਾਲ ਟਰੱਸਟ (ਸਿਰਸਾ), ਆਸ਼ਿਆਨਾ, ਕਰਨਾਲ ਦ ਅਰਥ ਸੇਵੀਅਰਜ਼ ਫਾਊਂਡੇਸ਼ਨ ਵਰਗੀਆਂ ਐਨ.ਜੀ.ਓ. ਸੰਸਥਾਵਾਂ ਵਿੱਚ ਭੇਜ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਦੇ ਮਾਮਲਿਆਂ ‘ਚ ਸਿਹਤ ਵਿਭਾਗ ਅਤੇ “ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ” ਰਾਹੀਂ ਡਾਕਟਰੀ ਸਹਾਇਤਾ ਉਪਲਬਧ ਕਰਵਾਈ ਜਾਂਦੀ ਹੈ।ਬੁਲਾਰੇ ਨੇ ਸਪੱਸ਼ਟ ਕੀਤਾ ਕਿ ਯੋਨ ਸ਼ੋਸ਼ਣ, ਘਰੇਲੂ ਹਿੰਸਾ, ਮਨੁੱਖੀ ਤਸਕਰੀ, ਆਨਰ ਕਿਲਿੰਗ, ਐਸਿਡ ਅਟੈਕ ਜਾਂ ਕਿਸੇ ਵੀ ਤਰ੍ਹਾ ਦੀ ਹਿੰਸਾ ਤੋਂ ਪੀੜਤ ਹਰ ਔਰਤ ਇਨ੍ਹਾਂ ਕੇਂਦਰਾਂ ਤੋਂ ਸਹਾਇਤਾ ਪ੍ਰਾਪਤ ਕਰ ਸਕਦੀ ਹੈ।
ਬਿਹਤਰ ਤਾਲਮੇਲ ਲਈ ਇਨ੍ਹਾਂ ਸੈਂਟਰਾਂ ਨੂੰ ਵੂਮੈਨ ਹੈਲਪਲਾਈਨ 181, ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ 112 ਅਤੇ ਚਾਈਲਡ ਹੈਲਪਲਾਈਨ 1098 ਨਾਲ ਸੀ-ਡੈਕ (CDAC) ਰਾਹੀਂ ਜੋੜਿਆ ਗਿਆ ਹੈ। ਪੀੜਤ ਔਰਤਾਂ ਕਿਸੇ ਵੀ ਸਮੇਂ ਸੰਕਟਕਾਲੀਨ ਸਹਾਇਤਾ ਲਈ ਟੋਲ-ਫ੍ਰੀ 181 ਜਾਂ 112 ‘ਤੇ ਸੰਪਰਕ ਕਰ ਸਕਦੀਆਂ ਹਨ ਜਾਂ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.wcdhry.gov.in ‘ਤੇ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ।
Read More: ਪੰਚਾਇਤੀ ਜ਼ਮੀਨ ‘ਤੇ ਸ਼ੁਰੂ ਹੋਵੇਗੀ ਕੁਦਰਤੀ ਖੇਤੀ: ਸ਼ਿਆਮ ਸਿੰਘ ਰਾਣਾ




