ਟੈਕਸ ਚੋਰੀ

ਪੰਜਾਬ ‘ਚ 22.53 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼, 9.50 ਕਰੋੜ ਰੁਪਏ ਨਕਦ ਬਰਾਮਦ

ਚੰਡੀਗੜ੍ਹ 08 ਸਤੰਬਰ 2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 22 ਕਰੋੜ ਰੁਪਏ ਦੇ ਜੀ.ਐੱਸ.ਟੀ. (ਵਸਤਾਂ ਅਤੇ ਸੇਵਾਵਾਂ ਕਰ) ਦੀ ਚੋਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਦਾ ਖੁਲਾਸਾ ਕੀਤਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਸਥਿਤ ਇੱਕ ਫਰਮ ਵਿਰੁੱਧ ਪੰਜਾਬ ਕਰ ਵਿਭਾਗ ਵਿਭਾਗ ਦੇ ਇੰਟੈਲੀਜੈਂਸ-ਅਧਾਰਤ ਆਪ੍ਰੇਸ਼ਨ ਦੇ ਨਤੀਜੇ ਵਜੋਂ ਮੌਕੇ ‘ਤੇ 9.50 ਕਰੋੜ ਰੁਪਏ ਦੀ ਨਕਦ ਬਰਾਮਦਗੀ ਹੋ ਚੁੱਕੀ ਹੈ।

ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਮੈਸਰਜ਼ ਜਗਤ ਮੈਟਲਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਰੀਕੀ ਨਾਲ ਕੀਤੇ ਗਏ ਡੇਟਾ ਵਿਸ਼ਲੇਸ਼ਣ ਰਾਹੀਂ, ਸਾਡੇ ਟੈਕਸ ਅਧਿਕਾਰੀਆਂ ਨੇ ਪਾਇਆ ਕਿ ਇਸ ਕੰਪਨੀ ਨੇ ਲਗਭਗ 22.53 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦਾ ਗਲਤ ਦਾਅਵਾ ਕੀਤਾ ਗਿਆ ਸੀ। ਜਾਂਚ ‘ਚ ਪਾਇਆ ਕਿ ਇਹ ਵੱਡੇ ਦਾਅਵੇ ਸਿੱਧੇ ਤੌਰ ‘ਤੇ ਉਨ੍ਹਾਂ ਸਪਲਾਇਰਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੀਆਂ ਜੀ.ਐਸ.ਟੀ. ਰਜਿਸਟ੍ਰੇਸ਼ਨਾਂ ਨੂੰ ਸਬੰਧਤ ਅਧਿਕਾਰੀਆਂ ਦੁਆਰਾ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ।

ਵਿੱਤ ਮੰਤਰੀ ਮੁਤਾਬਕ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਲੈਣ-ਦੇਣ ਦੀ ਲੜੀ ‘ਚ ਵਿਚੋਲੇ ਸਪਲਾਇਰਾਂ ਨੇ ਖੁਦ ਰੱਦ ਕੀਤੇ ਡੀਲਰਾਂ ਤੋਂ ਭਾਰੀ ਆਈ.ਟੀ.ਸੀ. ਪ੍ਰਾਪਤ ਕੀਤਾ ਸੀ। ਇਸ ਤੋਂ ਲੈਣ-ਦੇਣ ਦੀ ਅਸਲੀਅਤ ‘ਤੇ ਗੰਭੀਰ ਸਵਾਲ ਖੜ੍ਹੇ ਹੋਏ ਅਤੇ ਸੰਕੇਤ ਮਿਲਿਆ ਕਿ ਮਾਲ ਦੀ ਅਸਲ ਆਵਾਜਾਈ ਬਹੁਤ ਸ਼ੱਕੀ ਸੀ।

ਉਨ੍ਹਾਂ ਦੱਸਿਆ ਕਿ ਸੰਬੰਧਿਤ ਵਿਭਾਗ ਨੇ 7 ਸਤੰਬਰ 2026 ਨੂੰ ਮੰਡੀ ਗੋਬਿੰਦਗੜ੍ਹ ਵਿਖੇ ਫਰਮ ਦੇ ਕਾਰੋਬਾਰੀ ਅਹਾਤੇ ‘ਤੇ ਸਖ਼ਤ ਨਿਰੀਖਣ ਕੀਤਾ ਅਤੇ ਤਲਾਸ਼ੀ ਦੇਰ ਰਾਤ ਤੱਕ ਜਾਰੀ ਰਹੀ। ਇਹ ਮਹਿਸੂਸ ਕਰਦਿਆਂ ਕਿ ਉਨ੍ਹਾਂ ਦੀ ਖੇਡ ਖਤਮ ਹੋ ਗਈ ਹੈ ਅਤੇ ਉਹ ਸਾਡੇ ਸਬੂਤਾਂ ਨਾਲ ਘਿਰ ਗਏ ਹਨ, ਸਬੰਧਤ ਧਿਰ ਨੇ ਮੌਕੇ ‘ਤੇ ਹੀ 9.50 ਕਰੋੜ ਰੁਪਏ ਐਸ.ਜੀ.ਐਸ.ਟੀ. ਵਜੋਂ ਨਕਦ ਜਮ੍ਹਾ ਕਰਵਾ ਦਿੱਤੇ।”

ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਜਾਅਲੀ ਬਿਲਿੰਗ ਨੈਟਵਰਕਾਂ ਦੀ ਪਛਾਣ ਕਰਨ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਅਤਿ-ਆਧੁਨਿਕ ਡੇਟਾ ਵਿਸ਼ਲੇਸ਼ਣ ਅਤੇ ਤਕਨਾਲੋਜੀ-ਅਧਾਰਤ ਜਾਂਚਾਂ ਦੀ ਲਗਾਤਾਰ ਵਰਤੋਂ ਕਰ ਰਹੇ ਹਾਂ।

ਸ਼ੁਰੂਆਤੀ ਬਰਾਮਦਗੀ ਬਾਰੇ ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਕੁੱਲ ਟੈਕਸ ਚੋਰੀ ਲਗਭਗ 22 ਕਰੋੜ ਰੁਪਏ ਹੈ ਅਤੇ ਸਾਨੂੰ ਉਮੀਦ ਹੈ ਕਿ ਚੱਲ ਰਹੀ ਕਾਰਵਾਈ ਦੌਰਾਨ ਬਾਕੀ ਰਕਮ ਨਿਯਮਾਂ ਅਨੁਸਾਰ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਇਸ ਨੈੱਟਵਰਕ ਦੀ ਤਹਿ ਤੱਕ ਜਾਣ ਲਈ, ਸਾਡੀਆਂ ਟੀਮਾਂ ਵਰਤਮਾਨ ‘ਚ ਮਾਲ ਦੀ ਅਸਲ ਰਸੀਦ, ਟੈਕਸ ਚਲਾਨਾਂ ਦੀ ਪ੍ਰਮਾਣਿਕਤਾ, ਸੰਬੰਧਿਤ ਈ-ਵੇਅ ਬਿੱਲਾਂ, ਵਾਹਨਾਂ ਦੇ ਰਿਕਾਰਡ, ਵਜ਼ਨ ਪਰਚੀਆਂ, ਬੈਂਕਿੰਗ ਲੈਣ-ਦੇਣ, ਅਤੇ ਪੂਰੇ ਵਿੱਤੀ ਲੈਣ-ਦੇਣ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।

Read More: Congress protest: ਪੰਜਾਬ ਕਾਂਗਰਸ ਦਾ ਸਰਕਾਰ ਖ਼ਿਲਾਫ ਚੰਡੀਗੜ੍ਹ ‘ਚ ਵਿਰੋਧ ਪ੍ਰਦਰਸ਼ਨ

ਵਿਦੇਸ਼

Scroll to Top