Haryana news

ਬੱਚਿਆਂ ਨੂੰ ਕੌਮਾਂਤਰੀ ਦੌਰੇ ‘ਤੇ ਲੈ ਕੇ ਜਾਵੇਗੀ ਹਰਿਆਣਾ ਸਰਕਾਰ: CM ਨਾਇਬ ਸਿੰਘ ਸੈਣੀ

ਹਰਿਆਣਾ, 23 ਜੁਲਾਈ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਸਾਕਾਰ ਕਰਨ ਲਈ ਹਰਿਆਣਾ ਸਰਕਾਰ ਪ੍ਰਤਿਭਾਵਾਨ, ਸੰਸਕਾਰਵਾਨ, ਗਿਆਨਵਾਨ, ਕੁਸ਼ਲ ਨੌਜਵਾਨਾਂ ਦੀ ਇੱਕ ਨਵੀਂ ਪੀੜ੍ਹੀ ਤਿਆਰ ਕਰ ਰਹੀ ਹੈ। ਇਸੇ ਉਦੇਸ਼ ਨਾਲ ਹਰਿਆਣਾ ਸਰਕਾਰ ਵੱਲੋਂ ਸਿੱਖਿਆ ‘ਚ ਨਵਾਚਾਰ, ਖੋਜ, ਤਕਨੀਕੀ ਕੁਸ਼ਲਤਾ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਇੱਕ ਅਜਿਹੀ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਦੌਰੇ ‘ਤੇ ਲਿਜਾਇਆ ਜਾਵੇਗਾ, ਤਾਂ ਜੋ ਉਨ੍ਹਾਂ ਦਾ ਨਜ਼ਰੀਆ ਅਤੇ ਬੌਧਿਕ ਵਿਕਾਸ ਹੋ ਸਕੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਦੇ ਰਾਧਾਕ੍ਰਿਸ਼ਨਨ ਆਡੀਟੋਰੀਅਮ ‘ਚ ਕਰਵਾਏ ਹੋਣਹਾਰ ਵਿਦਿਆਰਥੀ ਦੇ ਸਨਮਾਨ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਸਮਾਗਮ ਵਿੱਚ ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੀ ਗਈ ਦਸਵੀਂ, ਬਾਰ੍ਹਵੀਂ ਅਤੇ ਓਲੰਪਿਆਡ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਦਾ ਅਰਥ ਸਿਰਫ਼ ਇੱਕ ਡਿਗਰੀ ਕਰਨਾ ਨਹੀਂ ਹੈ, ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਕਿ ਇੱਕ ਨੌਜਵਾਨ ਨੂੰ ਇਸ ਯੋਗ ਬਣਾਵੇ ਕਿ ਉਹ ਨੌਕਰੀ ਮੰਗਣ ਵਾਲਾ ਨਹੀਂ, ਸਗੋਂ ਖ਼ੁਦ ਰੁਜ਼ਗਾਰ ਦੀ ਸਿਰਜਣਾ ਕਰਨ ਵਿੱਚ ਸਮਰੱਥ ਬਣ ਸਕੇ। ਸੂਬੇ ਭਰ ਚੋਂ ਆਏ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਕਿਹਾ ਕਿ ਇਹ ਮੰਜ਼ਿਲ ਨਹੀਂ, ਲੰਬੀ ਯਾਤਰਾ ਦਾ ਪੜਾਅ ਹੈ। ਅਜੇ ਉਨ੍ਹਾਂ ਨੇ ਹੋਰ ਉਚਾਈਆਂ ਨੂੰ ਛੂਹਣਾ ਹੈ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਿਜੀਟਲ ਸਿੱਖਿਆ, ਏ.ਆਈ., ਰੋਬੋਟਿਕ ਅਤੇ ਇਸਰੋ, ਡੀ.ਆਰ.ਡੀ.ਓ. ਆਦਿ ਦੀਆਂ ਨਵੀਆਂ ਤਕਨੀਕਾਂ ਬੱਚਿਆਂ ਨੂੰ ਸਿਖਾਉਣ ਲਈ ਸਰਕਾਰੀ ਸਕੂਲਾਂ ਵਿੱਚ 391 ਐਸ.ਟੀ.ਈ.ਐਮ. ਲੈਬ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ। ਸੂਬੇ ਦੇ 250 ਸਕੂਲਾਂ ‘ਚ ਅਟਲ ਟਿੰਕਰਿੰਗ ਲੈਬਾਂ 25 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀਆਂ ਜਾ ਰਹੀਆਂ ਹਨ। ਸੂਬੇ ਵਿੱਚ ਹਰ 10 ਕਿਲੋਮੀਟਰ ਦੀ ਦੂਰੀ ‘ਤੇ ਸਰਕਾਰੀ ਮਾਡਲ ਸੰਸਕ੍ਰਿਤੀ ਸਕੂਲ ਦੀ ਸਥਾਪਨਾ ਕੀਤੀ ਗਈ ਹੈ। ਅੱਜ ਸੂਬੇ ਵਿੱਚ 468 ਪੀ.ਐਮ. ਸ਼੍ਰੀ ਅਤੇ ਮਾਡਲ ਸੰਸਕ੍ਰਿਤੀ ਸਕੂਲ ਚਲਾਏ ਜਾ ਰਹੇ ਹਨ। ਰਾਜ ਵਿੱਚ 250 ਵਿਸ਼ੇਸ਼ ਸਕੂਲ ਸਥਾਪਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਦੋਵੇਂ ਮਾਧਿਅਮ ਨਾਲ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ 103 ਸਰਕਾਰੀ ਸਕੂਲਾਂ ਵਿੱਚ ਮਿਸ਼ਨ ਬੁਨਿਆਦ ਅਤੇ ਸੁਪਰ 100 ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਆਈ.ਆਈ.ਟੀ., ਐਨ.ਆਈ.ਟੀ. ਅਤੇ ਆਈ.ਆਈ.ਐਮ. ਵਿੱਚ 277 ਵਿਦਿਆਰਥੀਆਂ ਨੂੰ ਦਾਖਲਾ ਮਿਲਿਆ ਹੈ ਅਤੇ 61 ਬੱਚੇ ਮੈਡੀਕਲ ਕਾਲਜ ਦੀ ਪੜ੍ਹਾਈ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਦੁਨੀਆ ਦਾ ਵਿਸ਼ਵੀਕਰਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਇਸ ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਸਰਕਾਰ ਨੇ ਵਿਦੇਸ਼ ਸਹਿਯੋਗ ਵਿਭਾਗ ਦੀ ਸਥਾਪਨਾ ਕੀਤੀ ਹੈ ਜਿਸ ਰਾਹੀਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਰੁਜ਼ਗਾਰ ਦਿਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲਾਂ ਵਿੱਚ ਵਿਦੇਸ਼ੀ ਭਾਸ਼ਾਵਾਂ ਦੀ ਸਿਖਲਾਈ ਦਿੱਤੇ ਜਾਣ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਰਕਾਰ ਨੇ 60 ਅਧਿਆਪਕਾਂ ਨੂੰ ਫ੍ਰੈਂਚ ਭਾਸ਼ਾ ਦੀ ਸਿਖਲਾਈ ਦਿਵਾਈ ਹੈ।

Read More: CM ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਜਨਤਕ ਸ਼ਿਕਾਇਤਾਂ ਸੁਣੀਆਂ

ਵਿਦੇਸ਼

Scroll to Top