ਹਰਿਆਣਾ, 23 ਜੁਲਾਈ 2026: ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਅਧਿਆਪਕਾਂ ਦੀ ਸਮਰੱਥਾ, ਸਮਰਪਣ ਅਤੇ ਕੁਸ਼ਲਤਾ ‘ਤੇ ਪੂਰਾ ਭਰੋਸਾ ਹੈ। ਅਧਿਆਪਕ ਹੀ ਬੱਚਿਆਂ ਵਿੱਚ ਗਿਆਨ ਦੇ ਨਾਲ-ਨਾਲ ਸੰਸਕਾਰ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਸੰਚਾਰ ਕਰਕੇ ਵਿਕਸਤ ਭਾਰਤ-2047 ਦੇ ਨਿਰਮਾਣ ਦੀ ਮਜ਼ਬੂਤ ਨੀਂਹ ਤਿਆਰ ਕਰ ਰਹੇ ਹਨ।
ਉਨ੍ਹਾਂ ਨੇ ਇਹ ਗੱਲ ਨਵੀਂ ਦਿੱਲੀ ਸਥਿਤ ਪੂਸਾ ਦੇ ਭਾਰਤ ਰਤਨ ਸੀ. ਸੁਬ੍ਰਮਨੀਅਮ ਹਾਲ ਵਿੱਚ 22 ਅਤੇ 23 ਜੁਲਾਈ, 2026 ਨੂੰ ਆਯੋਜਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀਆਂ ਦੀ ਦੋ ਦਿਨਾਂ ਰਾਸ਼ਟਰੀ ਕਾਨਫ੍ਰੈਂਸ ਦੌਰਾਨ ਕਹੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਅਗਵਾਈ ਹੇਠ ਕਾਰਵਾਈ ਇਸ ਕਾਨਫਰੈਂਸ ਵਿੱਚ ਕੇਂਦਰ ਪ੍ਰਯੋਜਿਤ ਯੋਜਨਾਵਾਂ ਦੀ ਸਮੀਖਿਆ ਦੇ ਨਾਲ ਸਕੂਲੀ ਸਿੱਖਿਆ ਦੇ ਵੱਖ-ਵੱਖ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ।
ਇਸ ਦੌਰਾਨ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਿੱਖਿਆ ਦਾ ਮੂਲ ਉਦੇਸ਼ ਸਿਰਫ ਕਿਤਾਬੀ ਗਿਆਨ ਦੇਣਾ ਜਾਂ ਬੌਧਿਕ ਵਿਕਾਸ ਤੱਕ ਸੀਮਤ ਰਹਿਣਾ ਨਹੀਂ ਹੈ। ਅਸਲ ਸਿੱਖਿਆ ਉਹੀ ਹੈ ਜੋ ਬੱਚੇ ਦੇ ਚਰਿੱਤਰ, ਨੈਤਿਕ ਸੰਸਕਾਰਾਂ, ਆਤਮ-ਵਿਸ਼ਵਾਸ ਅਤੇ ਭਾਵਨਾਤਮਕ ਸਮਝ ਨੂੰ ਮਜ਼ਬੂਤੀ ਪ੍ਰਦਾਨ ਕਰੇ।
ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਿੱਖਿਆ ਨੀਤੀ ਦਾ ਟੀਚਾ ਹਰ ਬੱਚੇ ਨੂੰ ਉਸਦੀ ਵਿਸ਼ੇਸ਼ ਰੁਚੀ ਅਤੇ ਸਮਰੱਥਾ ਦੇ ਅਨੁਸਾਰ ਅੱਗੇ ਵਧਣ ਦਾ ਸਮਾਨ ਮੌਕਾ ਦੇਣਾ ਹੈ। ਸੂਬੇ ਵਿੱਚ ਸਕੂਲਾਂ ਨੂੰ ਸਿਰਫ਼ ਪੜ੍ਹਾਈ ਦੇ ਕੇਂਦਰ ਨਾ ਬਣਾ ਕੇ ਅਜਿਹੇ ਜਿਉਂਦੇ-ਜਾਗਦੇ ਸੰਸਥਾਨਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿੱਥੇ ਬੱਚਿਆਂ ਦੇ ਸੁਪਨਿਆਂ, ਪ੍ਰਤਿਭਾ ਅਤੇ ਸ਼ਖ਼ਸੀਅਤ ਨੂੰ ਸਹੀ ਅਤੇ ਹਾਂ-ਪੱਖੀ ਦਿਸ਼ਾ ਮਿਲ ਸਕੇ।
ਮੰਤਰੀ ਮਹੀਪਾਲ ਢਾਂਡਾ ਨੇ ਹਰਿਆਣਾ ਸਰਕਾਰ ਵੱਲੋਂ ਸਕੂਲੀ ਸਿੱਖਿਆ ਦੀ ਗੁਣਵੱਤਾ ਸੁਧਾਰਨ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਮੁੱਢਲੀ ਸਾਖਰਤਾ ਅਤੇ ਸਿੱਖਣ ਦੇ ਪੱਧਰ ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਵਿਦਿਆਰਥੀਆਂ ‘ਚ ਹੁਨਰ ਵਿਕਾਸ ਅਤੇ ਸਵੈ-ਰੁਜ਼ਗਾਰ ਦੀ ਭਾਵਨਾ ਪੈਦਾ ਕਰਨ ਲਈ ਵਿਹਾਰਕ ਕੋਰਸ ਲਾਗੂ ਕਰ ਰਹੀ ਹੈ। ਸਕੂਲੀ ਪੱਧਰ ਤੋਂ ਹੀ ਖੇਡ ਪ੍ਰਤਿਭਾਵਾਂ ਨੂੰ ਤਰਾਸ਼ਣ ਲਈ ਅਤਿ-ਆਧੁਨਿਕ ਸਰੋਤ ਉਪਲਬਧ ਕਰਵਾ ਰਹੀ ਹੈ।
ਅਧਿਆਪਕਾਂ ਦੀ ਭੂਮਿਕਾ ਨੂੰ ਸਰਵੋਤਮ ਦੱਸਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਸਾਡੀ ਸਿੱਖਿਆ ਪ੍ਰਣਾਲੀ ਦੀ ਸਭ ਤੋਂ ਵੱਡੀ ਤਾਕਤ ਹਨ। ਉਹ ਸਿਰਫ਼ ਸਿਲੇਬਸ ਨਹੀਂ ਪੜ੍ਹਾਉਂਦੇ, ਸਗੋਂ ਬੱਚਿਆਂ ‘ਚ ਅਨੁਸ਼ਾਸਨ, ਸੰਸਕਾਰ ਅਤੇ ਆਤਮ-ਵਿਸ਼ਵਾਸ ਦਾ ਸੰਚਾਰ ਕਰਦੇ ਹਨ। ਸਾਡੇ ਅਧਿਆਪਕ ਰੋਜ਼ਾਨਾ ਕਲਾਸਾਂ ‘ਚ ਦੇਸ਼ ਦਾ ਭਵਿੱਖ ਘੜ ਰਹੇ ਹਨ ਅਤੇ ਇਹੀ ‘ਵਿਕਸਤ ਭਾਰਤ-2047’ ਦੇ ਨਿਰਮਾਣ ਦੀ ਅਸਲ ਨੀਂਹ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਧਿਆਪਕਾਂ ਦੀ ਸਮਰੱਥਾ, ਸਮਰਪਣ ਅਤੇ ਕੁਸ਼ਲਤਾ ‘ਤੇ ਪੂਰਾ ਭਰੋਸਾ ਹੈ। ਇਸ ਮੌਕੇ ਉਨ੍ਹਾਂ ਨੇ ਸੂਬੇ ਦੇ ਸਾਰੇ ਗੁਰੂਜਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ।
ਅਧਿਆਪਕਾਂ ਦੇ ਗਿਆਨ ਅਤੇ ਹੁਨਰ ਨੂੰ ਨਿਰੰਤਰ ਅੱਪਡੇਟ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਿੱਖਿਆ ਮੰਤਰੀ ਨੇ ਇੱਕ ਦੂਰਦਰਸ਼ੀ ਸੁਝਾਅ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਸਿਖਲਾਈ ਨੂੰ ਵੱਧ ਪ੍ਰਭਾਵੀ, ਆਧੁਨਿਕ ਅਤੇ ਨਤੀਜਾਮੁਖੀ ਬਣਾਉਣ ਲਈ ਦੇਸ਼ ਦੇ ਚੋਟੀ ਦੇ ਸੰਸਥਾਨਾਂ—ਜਿਵੇਂ ਆਈ.ਟੀ.ਆਈ., ਆਈ.ਆਈ.ਐਮ.ਟੀ., ਆਈ.ਆਈ.ਐਮ. ਅਤੇ ਸੀ.ਐਸ.ਆਈ.ਆਰ. ਦਾ ਸਿੱਧਾ ਸਹਿਯੋਗ ਲਿਆ ਜਾਣਾ ਚਾਹੀਦਾ ਹੈ। ਇਸ ਨਾਲ ਅਧਿਆਪਕਾਂ ਨੂੰ ਅਤਿ-ਆਧੁਨਿਕ ਸਿੱਖਿਆ ਵਿਧੀਆਂ ਅਤੇ ਖੋਜ-ਆਧੁਨਿਕ ਤਕਨੀਕਾਂ ਦਾ ਲਾਭ ਮਿਲ ਸਕੇਗਾ।
Read More: ਅੰਸਲ ਏਪੀਆਈ ਖਿਲਾਫ਼ ਛੇਤੀ ਹੀ FIR ਦਰਜ ਕੀਤੀ ਜਾਵੇ: ਕ੍ਰਿਸ਼ਨ ਲਾਲ ਪੰਵਾਰ




