ਚੰਡੀਗੜ੍ਹ, 26 ਜੂਨ 2026: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਅੱਜ ਇੱਥੇ ਇੱਕ ਸਮਾਗਮ ਦੌਰਾਨ ਲੇਖਿਕਾ ਰਾਵੀ ਪੰਧੇਰ ਦੀ ਕਿਤਾਬ ‘ਲੈਟਰਜ਼ ਟੂ ਮਾਈ ਡੌਟਰਜ਼’ ਲਾਂਚ ਕੀਤੀ।
ਮੁਕੰਦ ਸ਼ਰਮਾ ਨੇ ਕਿਹਾ ਕਿ ਇਹ ਕਿਤਾਬ ਇੱਕ ਭਾਵੁਕ ਸੰਗ੍ਰਹਿ ਹੈ ਜੋ ਇੱਕ ਮਾਂ ਦੀਆਂ ਭਾਵਨਾਵਾਂ, ਉਮੀਦਾਂ, ਡਰਾਂ ਅਤੇ ਜੀਵਨ ਦੇ ਸਬਕਾਂ ਨੂੰ ਆਪਣੀਆਂ ਧੀਆਂ ਲਈ ਲਿਖੀਆਂ ਚਿੱਠੀਆਂ ‘ਚ ਪਰੋਂਦੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਦੂਰੀਆਂ ਦੇ ਇਸ ਦੌਰ ‘ਚ, ਅਜਿਹੀਆਂ ਦਿਲੋਂ ਲਿਖੀਆਂ ਕਹਾਣੀਆਂ ਸਾਨੂੰ ਮਾਂ-ਧੀ ਦੇ ਰਿਸ਼ਤੇ ਦੀ ਤਾਕਤ ਅਤੇ ਕਦਰਾਂ-ਕੀਮਤਾਂ, ਹੌਸਲੇ ਤੇ ਪਛਾਣ ਘੜਨ ‘ਚ ਮਾਂ ਦੀ ਭੂਮਿਕਾ ਦੀ ਯਾਦ ਦਿਵਾਉਂਦੀਆਂ ਹਨ।
ਚੇਅਰਮੈਨ ਨੇ ਲੇਖਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਔਰਤਾਂ ਆਪਣੇ ਜੀਵਨ ਅਨੁਭਵਾਂ ਨੂੰ ਕਲਮਬੱਧ ਕਰਦੀਆਂ ਹਨ ਤਾਂ ਪੰਜਾਬ ਦੀ ਸਾਹਿਤਕ ਵਿਰਾਸਤ ਹੋਰ ਅਮੀਰ ਹੁੰਦੀ ਹੈ। ‘ਲੈਟਰਜ਼ ਟੂ ਮਾਈ ਡੌਟਰਜ਼’ ਹਰ ਉਸ ਮਾਂ ਨਾਲ ਗੱਲ ਕਰਦੀ ਹੈ ਜੋ ਹੌਸਲਾ ਤੇ ਦਇਆ ਵਿਰਾਸਤ ਵਜੋਂ ਦੇਣਾ ਚਾਹੁੰਦੀ ਹੈ, ਅਤੇ ਹਰ ਉਸ ਧੀ ਨਾਲ ਜੋ ਆਪਣੀਆਂ ਜੜ੍ਹਾਂ ਨੂੰ ਸਮਝਣਾ ਚਾਹੁੰਦੀ ਹੈ।
ਲੇਖਕਾ ਰਾਵੀ ਪੰਧੇਰ ਨੇ ਸਾਂਝਾ ਕੀਤਾ ਕਿ ਇਹ ਕਿਤਾਬ ਉਨ੍ਹਾਂ ਗੱਲਬਾਤਾਂ ਨੂੰ ਸੰਭਾਲਣ ਲਈ ਲਿਖੀ ਗਈ ਹੈ ਜੋ ਅਕਸਰ ਅਣਕਹੀਆਂ ਰਹਿ ਜਾਂਦੀਆਂ ਹਨ। ਇਹ ਉਨ੍ਹਾਂ ਚੁੱਪ ਕੁਰਬਾਨੀਆਂ, ਸ਼ਾਂਤ ਹਿੰਮਤ ਅਤੇ ਬੇਸ਼ਰਤ ਪਿਆਰ ਨੂੰ ਸ਼ਰਧਾਂਜਲੀ ਹੈ ਜੋ ਮਾਂ ਬਣਨ ਨੂੰ ਪਰਿਭਾਸ਼ਿਤ ਕਰਦੇ ਹਨ। ਉਨ੍ਹਾਂ ਭਾਵਨਾਤਮਕ ਅਤੇ ਸੱਭਿਆਚਾਰਕ ਸਾਂਝਾਂ ਨੂੰ ਪਾਲਣ ਵਾਲੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਸ਼ਰਮਾ ਦਾ ਧੰਨਵਾਦ ਕੀਤਾ। ਇਸ ਦੌਰਾਨ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ, ਵਿਜੇ ਦੱਤ, ਚੇਤਨ ਪ੍ਰਕਾਸ਼ ਧਾਲੀਵਾਲ ਤੇ ਮੈਂਬਰ ਸਕੱਤਰ ਕਨੂੰ ਥਿੰਦ ਵੀ ਹਾਜ਼ਰ ਸਨ।
Read More: ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, HIV ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਕੀਤਾ ਵਿਚਾਰ-ਵਟਾਂਦਰਾ




