ਪਟਿਆਲਾ, 09 ਜੂਨ 2026: ਪਟਿਆਲਾ ‘ਚ2,600 ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ ਦੇ ਮੈਂਬਰਾਂ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਯੂਨੀਅਨ ਦੇ ਕਈ ਮੈਂਬਰ ਆਪਣੀਆਂ ਮੰਗਾਂ ਲਈ ਅੱਜ ਪਟਿਆਲਾ-ਸੰਗਰੂਰ ਰੋਡ ‘ਤੇ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਨੇੜੇ ਬਿਜਲੀ ਟਾਵਰ ’ਤੇ ਚੜ ਗਏ | ਹੋਰ ਟਾਵਰ ਦੇ ਹੇਠਾਂ ਧਰਨੇ ‘ਤੇ ਬੈਠ ਗਏ ਅਤੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਇਹ ਵਿਰੋਧ ਪ੍ਰਦਰਸ਼ਨ ਪਾਵਰਕਾਮ ਮੁੱਖ ਦਫਤਰ ਦੇ ਬਾਹਰ ਕਈ ਦਿਨਾਂ ਤੋਂ ਜਾਰੀ ਹੈ। ਤਿੰਨ ਦਿਨ ਪਹਿਲਾਂ, ਇਨ੍ਹਾਂ ਪ੍ਰਦਰਸ਼ਨਕਾਰੀਆਂ ‘ਤੇ ਪਟਿਆਲਾ ਪਾਵਰਕਾਮ ਮੁੱਖ ਦਫਤਰ ਦੇ ਗੇਟ ‘ਤੇ ਲਾਠੀਚਾਰਜ ਕੀਤਾ ਗਿਆ ਸੀ। ਲਾਠੀਚਾਰਜ ‘ਚ ਜ਼ਖਮੀ ਹੋਏ ਕਈ ਬੇਰੁਜ਼ਗਾਰ ਲਾਈਨਮੈਨਾਂ ਨੂੰ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਕੱਲ੍ਹ, ਪ੍ਰਸ਼ਾਸਨ ਨੇ ਪਟਿਆਲਾ ‘ਚ ਧਾਰਾ 144 ਲਾਗੂ ਕਰ ਦਿੱਤੀ, ਜਿਸ ਨਾਲ ਡਰ ਪੈਦਾ ਹੋ ਗਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਪਾਵਰਕਾਮ ਮੁੱਖ ਦਫਤਰ ਦੇ ਸਾਹਮਣੇ ਤੋਂ ਹਟਾਇਆ ਜਾ ਸਕਦਾ ਹੈ। ਨਤੀਜੇ ਵਜੋਂ, ਅਪ੍ਰੈਂਟਿਸਸ਼ਿਪ ਲਾਈਨਮੈਨ ਅਚਾਨਕ ਪਿੰਡ ਭੇਡਪੁਰਾ ਨੇੜੇ ਪਹੁੰਚੇ, ਅਤੇ ਉਨ੍ਹਾਂ ‘ਚੋਂ ਕੁਝ ਟਾਵਰ ‘ਤੇ ਚੜ੍ਹ ਗਏ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸਰਕਾਰ ਅਤੇ ਵਿਭਾਗ ਕੋਲ ਆਪਣੀਆਂ ਮੰਗਾਂ ਉਠਾ ਰਹੇ ਹਨ, ਪਰ ਉਨ੍ਹਾਂ ਦੀਆਂ ਮੰਗਾਂ ਨਹੀਂ ਸੁਣੀਆਂ ਗਈਆਂ। ਇਸ ਮਜਬੂਰੀ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਟਾਵਰ ‘ਤੇ ਚੜ੍ਹੇ ਨੌਜਵਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਜਲਦੀ ਹੀ ਕੋਈ ਠੋਸ ਫੈਸਲਾ ਨਾ ਲਿਆ ਗਿਆ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।




