ਜਲੰਧਰ, 06 ਜੂਨ 2026: ਜਲੰਧਰ ‘ਚ ਬੀਤੀ ਰਾਤ ਇੱਕ ਮਾਮਲੇ ਦੇ ਮੁਲਜ਼ਮ ਦੀ ਗੋਲੀ ਲੱਗਣ ਮੌਤ ਹੋ ਗਈ | ਦਾਅਵਾ ਕੀਤਾ ਜਾ ਰਿਹਾ ਹੈ ਮਹਿਤਪੁਰ ਥਾਣੇ ਦੀ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਲਈ ਉਸਦੇ ਘਰ ਪਹੁੰਚੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ, ਪਰ ਉੱਥੇ ਭੀੜ ਇਕੱਠੀ ਹੋ ਗਈ ਅਤੇ ਭੱਜਣ ਦੀ ਕੋਸ਼ਿਸ ਕੀਤੀ |
ਪੁਲਿਸ ਦੇ ਮੁਤਾਬਕ, ਭੀੜ ਵੱਲੋਂ ਕਥਿਤ ਤੌਰ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ। ਗੋਲੀਬਾਰੀ ਦੌਰਾਨ ਮੁਲਮਜ ਨੂੰ ਗੋਲੀ ਮਾਰ ਦਿੱਤੀ ਗਈ। ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਮਹਿਤਪੁਰ ਦੇ ਪਰਿਵਾਰ ਦਾ ਦੋਸ਼ ਹੈ ਕਿ ਉਹ ਉਸ ਸਮੇਂ ਬਾਥਰੂਮ ‘ਚ ਸੀ। ਪੁਲਿਸ ਨੇ ਪਿੱਛੇ ਤੋਂ ਗੋਲੀ ਚਲਾਈ, ਜਿਸ ਨਾਲ ਉਸਦੇ ਪੱਟ ਦੇ ਉੱਪਰਲੇ ਹਿੱਸੇ ‘ਚ ਦੋ ਗੋਲੀਆਂ ਲੱਗੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਉਰਫ਼ ਲਵੀ ਵਜੋਂ ਹੋਈ ਹੈ, ਜੋ ਕਿ ਮਹਿਤਪੁਰ ਦਾ ਰਹਿਣ ਵਾਲਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਕਿ ਲਵਪ੍ਰੀਤ ਉਰਫ਼ ਲਵੀ ਘਰ ਵਾਪਸ ਆ ਗਿਆ ਹੈ। ਇਸ ਤੋਂ ਬਾਅਦ, ਮਹਿਤਪੁਰ ਦੇ ਐਸਐਚਓ ਅਮਨ ਸੈਣੀ ਪੁਲਿਸ ਟੀਮ ਨਾਲ ਪਿੰਡ ਬੰਗੀਵਾਲ ਪਹੁੰਚੇ। ਪਹੁੰਚਣ ‘ਤੇ, ਮੁਲਜ਼ਮ, ਉਸਦੇ ਪਰਿਵਾਰ ਅਤੇ ਨੇੜਲੇ ਨਿਵਾਸੀਆਂ ਦੀ ਪੁਲਿਸ ਨਾਲ ਬਹਿਸ ਹੋ ਗਈ। ਝਗੜਾ ਵਧ ਗਿਆ ਅਤੇ ਸਥਿਤੀ ਤਣਾਅਪੂਰਨ ਹੋ ਗਈ। ਇਸ ਤੋਂ ਬਾਅਦ ਹੋਈ ਗੋਲੀਬਾਰੀ ‘ਚ ਲਵਪ੍ਰੀਤ ਦੀ ਮੌਤ ਹੋ ਗਈ। ਪੁਲਿਸ ਅਤੇ ਪਰਿਵਾਰ ਦੇ ਇਸ ਘਟਨਾ ਬਾਰੇ ਵੱਖੋ-ਵੱਖਰੇ ਬਿਆਨ ਹਨ।
ਪੁਲਿਸ ਦੇ ਮੁਤਾਬਕ, ਬਹਿਸ ਦੌਰਾਨ ਝਗੜਾ ਹੋਇਆ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਫਿਰ ਪੁਲਿਸ ਨੇ ਸਵੈ-ਰੱਖਿਆ ‘ਚ ਦੋ ਗੋਲੀਆਂ ਚਲਾਈਆਂ, ਜਿਸ ਨਾਲ ਲਵਪ੍ਰੀਤ ਦੀ ਲੱਤ ‘ਚ ਸੱਟ ਲੱਗੀ। ਉਸਨੂੰ ਤੁਰੰਤ ਨਕੋਦਰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ।
ਦੂਜੇ ਪਾਸੇ ਮ੍ਰਿਤਕ ਦੇ ਚਾਚਾ ਛਿੰਦਾ ਸਿੰਘ ਨੇ ਦੱਸਿਆ ਕਿ ਮਹਿਤਪੁਰ ਪੁਲਿਸ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਆਈ ਸੀ। ਨੌਜਵਾਨ ਉਸ ਸਮੇਂ ਬਾਥਰੂਮ ‘ਚ ਸੀ। ਜਦੋਂ ਉਹ ਬਾਹਰ ਆਇਆ ਤਾਂ ਸਿਵਲ ਕੱਪੜਿਆਂ ‘ਚ ਆਏ ਐਸਐਚਓ ਦੇ ਗੰਨਮੈਨ ਨੇ ਪਿੱਛੇ ਤੋਂ ਗੋਲੀ ਮਾਰ ਦਿੱਤੀ।
ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਬੰਗੀਵਾਲ ਦੇ ਰਹਿਣ ਵਾਲੇ ਲਵਪ੍ਰੀਤ ਵਿਰੁੱਧ 5 ਜਨਵਰੀ ਨੂੰ ਆਈਪੀਸੀ ਦੀ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਅੱਠ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਲਵਪ੍ਰੀਤ ਸਮੇਤ ਛੇ ਹੋਰ ਮੁਲਜ਼ਮ ਜਨਵਰੀ ਤੋਂ ਫਰਾਰ ਸਨ।
ਪੁਲਿਸ ਮੁਤਾਬਕ ਲਵਪ੍ਰੀਤ ਵਿਰੁੱਧ ਚਾਰ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਐਨਡੀਪੀਐਸ ਐਕਟ ਅਤੇ ਹਮਲੇ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਉਨ੍ਹਾਂ ਦੇ ਭਰਾ ਮਨਦੀਪ ਵਿਰੁੱਧ ਛੇ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਗੈਰ-ਕਾਨੂੰਨੀ ਮਾਈਨਿੰਗ, ਹਮਲਾ ਅਤੇ ਐਨਡੀਪੀਐਸ ਐਕਟ ਸ਼ਾਮਲ ਹਨ। ਉਨ੍ਹਾਂ ਦੀ ਭੈਣ ਗਗਨਦੀਪ ਵਿਰੁੱਧ ਵੀ ਚਾਰ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਐਨਡੀਪੀਐਸ ਐਕਟ ਅਧੀਨ ਇੱਕ ਮਾਮਲਾ ਸ਼ਾਮਲ ਹੈ। ਲਵਪ੍ਰੀਤ ਨੂੰ ਵੀ ਇੱਕ ਮਾਮਲੇ ‘ਚ ਦੋਸ਼ੀ ਠਹਿਰਾਇਆ ਸੀ।
Read More: ਫਿਰੋਜ਼ਪੁਰ ਹਾਈਵੇਅ ‘ਤੇ ਪਿਕਅੱਪ ਤੇ ਟਰਾਲੇ ਦੀ ਭਿਆਨਕ ਟੱਕਰ, ਹਾਦਸੇ ‘ਚ 8 ਜਣਿਆਂ ਦੀ ਮੌ.ਤ




