ਚੰਡੀਗੜ੍ਹ 26 ਮਈ 2026: ਰਾਜ ਚੋਣ ਕਮਿਸ਼ਨ ਪੰਜਾਬ ਨੇ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੁਆਰਾ ਪੰਜਾਬ ਮਿਊਂਸੀਪਲ ਐਕਟ, 1911 ਦੀ ਧਾਰਾ 13-ਏ ਅਧੀਨ ਜਾਰੀ ਨੋਟੀਫਿਕੇਸ਼ਨ ਨੰਬਰ 03/01/ਈਲੈਕਸ਼ਨਸ(ਐਸ-2)/ਐਮਈਬੀ/2026/78 ਤਾਰੀਖ਼ 21.05.2026 ਮੁਤਾਬਕ ਨਗਰ ਕੌਂਸਲ ਦੀਨਾਨਗਰ, ਨਗਰ ਕੌਂਸਲ ਗੁਰਦਾਸਪੁਰ, ਨਗਰ ਕੌਂਸਲ ਕਾਦੀਆਂ ਅਤੇ ਨਗਰ ਕੌਂਸਲ ਸ਼ਾਮ ਚੌਰਾਸੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਹੈ।
ਚੋਣ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ 30.05.2026 (ਸ਼ਨੀਵਾਰ) ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰ ਦੇ ਦਫ਼ਤਰ ਵਿਖੇ ਦਾਖਲ ਕੀਤੇ ਜਾਣੇ ਸ਼ੁਰੂ ਹੋਣਗੇ ਅਤੇ ਆਖਰੀ ਤਾਰੀਖ਼ 03.06.2026 (ਬੁੱਧਵਾਰ) ਦੁਪਹਿਰ 03:00 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ। ਇਸ ਲਈ ਨਾਮਜ਼ਦਗੀਆਂ ਦੀ ਜਾਂਚ 04.06.2026 (ਵੀਰਵਾਰ) ਨੂੰ ਹੋਵੇਗੀ।
ਇਸਦੇ ਨਾਲ ਹੀ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ਼ 05.06.2026 (ਸ਼ੁੱਕਰਵਾਰ) ਦੁਪਹਿਰ 03:00 ਵਜੇ ਤੱਕ ਹੋਵੇਗੀ। ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ 13.06.2026 (ਸ਼ਨੀਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਹੋਣਗੀਆਂ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ ਕੀਤੀ ਜਾਵੇਗੀ।
ਪੰਜਾਬ ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਚੋਣ ਪ੍ਰੋਗਰਾਮ ਦੇ ਐਲਾਨ ਨਾਲ, ਇਨ੍ਹਾਂ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ ਵਿੱਚ, ਜਿੱਥੇ ਚੋਣਾਂ ਹੋਣੀਆਂ ਹਨ, ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਇਹ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ।
Read More: SC ਕਮਿਸ਼ਨ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ




