ਪਟਿਆਲਾ, 20 ਮਈ 2026: ਕਾਂਗਰਸ ਨੇ ਆਮ ਆਦਮੀ ਪਾਰਟੀ ‘ਤੇ ਸਰਕਾਰੀ ਤੰਤਰ ਦੀ ਸ਼ਹਿ ‘ਤੇ ਰਾਜਪੁਰਾ ਅਤੇ ਬਨੂੜ ‘ਚ ਧੱਕੇਸ਼ਾਹੀ ਦਾ ਦੋਸ਼ ਲਗਾਇਆ ਹੈ | ਕਾਂਗਰਸ ਪਾਰਟੀ ਨੇ ਅੱਜ ਧਰਨਾ ਲਗਾ ਕੇ ਆਮ ਆਦਮੀ ਪਾਰਟੀ ਦਾ ਜਨਾਜਾ ਕੱਢਿਆ |
ਇਸਤੋਂ ਇਲਾਵਾ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਅਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ‘ਚ ਅੱਜ ਰਾਜ ਚੋਣ ਕਮਿਸ਼ਨ ਅਜੇ ਕਮਲ ਚੋਧਰੀ ਨੂੰ ਮਨਜੀਤ ਸਿੰਘ ਡੀਐੱਸਪੀ ਰਾਜਪੁਰਾ,ਇੰਸਪੈਕਟਰ ਅਰਸ਼ਦੀਪ ਸ਼ਰਮਾ ਥਾਣਾ ਮੁਖੀ ਬਨੂੜ ਅਤੇ ਇੰਸਪੈਕਟਰ ਗੁਰਸੇਵਕ ਸਿੰਘ ਥਾਣਾ ਮੁਖੀ ਸਿਟੀ ਰਾਜਪੁਰਾ ਦੀ ਬਦਲੀ ਕਰਨ ਲਈ ਮੰਗ ਸੰਬੰਧੀ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਪਿਛਲੀ ਨਗਰ ਕੌਂਸਲ ਦੀਆਂ ਉਪ ਚੋਣਾਂ, ਪੰਚਾਇਤੀ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੌਰਾਨ ਡੀਐਸਪੀ ਰਾਜਪੁਰਾ ਮਨਜੀਤ ਸਿੰਘ, ਇੰਸਪੈਕਟਰ ਗੁਰਸੇਵਕ ਸਿੰਘ ਅਤੇ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਇਸ਼ਾਰੇ ‘ਤੇ ਧਾਂਦਲੀਆਂ ਕੀਤੀਆਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਡਰਾਇਆ ਧਮਕਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਇਸ਼ਾਰੇ ‘ਤੇ ਇੰਸਪੈਕਟਰ ਅਰਸ਼ਦੀਪ ਸ਼ਰਮਾ ਥਾਣਾ ਮੁਖੀ ਬਨੂੜ ਵੱਲੋਂ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਬਨੂੜ ਦੀਆਂ ਚੋਣਾਂ ‘ਚ ਖੜੇ ਕੀਤੇ ਉਮੀਦਵਾਰਾਂ ਦੇ ਘਰਾਂ ‘ਤੇ ਸਵੇਰੇ ਸਵੇਰੇ ਛਾਪੇ ਮਾਰ ਕੇ ਉਨ੍ਹਾਂ ਨੂੰ ਡਰਾ ਧਮਕਾ ਰਿਹਾ ਹੈ ਤਾਂ ਜੋ ਚੋਣਾਂ ‘ਚ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾ ਸਕੇ।
ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਜੇਕਰ ਰਾਜ ਚੋਣ ਕਮਿਸ਼ਨ ਅਜੇ ਕਮਲ ਚੌਧਰੀ ਨੇ ਦੋ ਦਿਨਾਂ ਦੇ ਅੰਦਰ ਇਹਨਾਂ ਪੁਲਿਸ ਅਧਿਕਾਰੀਆਂ ਦੀ ਬਦਲੀ ਨਾ ਕੀਤੀ ਤਾਂ ਉਹਨਾਂ ਨੂੰ ਮਜਬੂਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ ਅਤੇ ਇਸ ਦੇ ਨਾਲ ਹੀ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ‘ਚ ਬਾਰੇ ਚਿੱਠੀ ਲਿਖਣਗੇ ਤਾਂ ਜੋ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਧਾਂਦਲੀਆਂ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਐਡਵੋਕੇਟ ਹਰਜੋਤ ਸਿੰਘ, ਸਰਬਜੀਤ ਸਿੰਘ ਮਾਣਕਪੁਰ, ਮਲਕੀਤ ਸਿੰਘ ਉਪਲਹੇੜੀ ,ਹਰਪ੍ਰੀਤ ਸਿੰਘ ਸੋਨਿਕ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।




