Amritsar news

ਪੰਜਾਬ ਪੁਲਿਸ ਦੀ ਅੰਮ੍ਰਿਤਸਰ ਵੱਡੀ ਕਾਰਵਾਈ, 2 ਵਿਅਕਤੀ ਹਥਿਆਰਾਂ ਸਣੇ ਗ੍ਰਿਫਤਾਰ

ਚੰਡੀਗੜ੍ਹ/ਅੰਮ੍ਰਿਤਸਰ, 19 ਮਈ 2026: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਬੀ.ਕੇ.ਆਈ ਸਮਰਥਿਤ ਮਾਡਿਊਲ ਨਾਲ ਸਬੰਧਤ ਵਿਦੇਸ਼ੀ ਹੈਂਡਲਰਾਂ ਦੇ ਦੋ ਸਾਥੀਆਂ ਨੂੰ ਦੋ ਹੈਂਡ ਗ੍ਰਨੇਡਾਂ ਸਮੇਤ ਗ੍ਰਿਫਤਾਰ ਕੀਤਾ ਹੈ |

ਪੰਜਾਬ ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਅਜਨਾਲਾ, ਅੰਮ੍ਰਿਤਸਰ ਦੇ ਬਾਜ਼ੀਗਰ ਮੁਹੱਲਾ ਦੇ ਰਹਿਣ ਵਾਲੇ ਅਜੈ ਅਤੇ ਜੋਧਬੀਰ ਸਿੰਘ (ਫੱਤੇਵਾਲ ਕਲਾਂ ਵਾਸੀ) ਵਜੋਂ ਹੋਈ ਹੈ। ਪੰਜਾਬ ਪੁਲਿਸ ਟੀਮ ਨੇ ਹੈਂਡ ਗ੍ਰਨੇਡ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦਾ ਕਾਲੇ ਰੰਗ ਦਾ ਹੀਰੋ ਸਪਲੈਂਡਰ (ਪੀਬੀ 02 ਈਕੇ 2107) ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੇ ਗ੍ਰਨੇਡ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸਨ, ਜਿੰਨ੍ਹਾਂ ਦਾ ਉਦੇਸ਼ ਸਰਕਾਰੀ ਅਦਾਰਿਆਂ/ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨਾ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੂੰ ਇਤਲਾਹ ਮਿਲੀ ਸੀ ਕਿ ਵਿਦੇਸ਼ੀ ਹੈਂਡਲਰਾਂ ਦੁਆਰਾ ਆਪਣੇ ਸਾਥੀਆਂ ਨੂੰ ਹੈਂਡ ਗ੍ਰਨੇਡ ਪ੍ਰਦਾਨ ਕਰਵਾਏ ਹਨ ਅਤੇ ਉਨ੍ਹਾਂ ਨੂੰ ਅੱਗੇ ਆਪਣੇ ਕਿਸੇ ਹੋਰ ਕਾਰਕੁੰਨ ਨਾਲ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਖੇਤਰ ‘ਚ ਤਾਲਮੇਲ ਕਰਨ ਲਈ ਕਿਹਾ ਗਿਆ ਹੈ।

ਪੁਲਿਸ ਨੇ ਪੁਖ਼ਤਾ ਇਤਲਾਹ ’ਤੇ ਫੌਰੀ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਨਾਕਾ ਲਗਾਇਆ ਅਤੇ ਸ਼ੱਕੀ ਅਜੈ ਅਤੇ ਜੋਧਬੀਰ ਸਿੰਘ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ‘ਚੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ। ਇਸ ਸੰਬੰਧੀ ਐਫਆਈਆਰ ਨੰਬਰ 36, ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਅਤੇ ਬੀਐਨਐਸ ਦੀ ਧਾਰਾ 61(2) ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਹੈ।

Read More: ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ‘ਚ 10 ਰਿਸ਼ਵਤਖੋਰੀ ਦੇ ਕੇਸਾਂ ‘ਚ 12 ਸਰਕਾਰੀ ਮੁਲਾਜ਼ਮ ਗ੍ਰਿਫਤਾਰ

ਵਿਦੇਸ਼

Scroll to Top