ਲੁਧਿਆਣਾ, 19 ਮਈ 2026: ਪੰਜਾਬੀ ਗਾਇਕਾ ਇੰਦਰ ਕੌਰ ਉਰਫ ਯਸ਼ਿੰਦਰ ਕੌਰ (29) ਦਾ ਲੁਧਿਆਣਾ ‘ਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਾਇਕਾ ਦੀ ਲਾਸ਼ ਅੱਜ ਸਵੇਰੇ 11 ਵਜੇ ਨੀਲੋ ਨਹਿਰ ‘ਚੋਂ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਦਰ ਨੂੰ ਛੇ ਦਿਨ ਪਹਿਲਾਂ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਗਿਆ ਸੀ, ਅਤੇ ਉਸਦਾ ਪਰਿਵਾਰ ਉਦੋਂ ਤੋਂ ਉਸਦੀ ਭਾਲ ਕਰ ਰਿਹਾ ਸੀ।
ਗਾਇਕਾ ਦੇ ਪਰਿਵਾਰ ਮੁਤਾਬਕ ਕਿ ਮੋਗਾ ਦਾ ਇੱਕ ਵਿਅਕਤੀ ਉਸ ‘ਤੇ ਵਿਆਹ ਕਰਨ ਲਈ ਦਬਾਅ ਪਾ ਰਿਹਾ ਸੀ। ਜਦੋਂ ਉਸਨੇ ਇਨਕਾਰ ਕਰ ਦਿੱਤਾ, ਤਾਂ ਉਸਨੇ ਉਸਨੂੰ ਅਗਵਾ ਕਰ ਲਿਆ। ਉਸਨੂੰ ਮਾਰਨ ਤੋਂ ਬਾਅਦ, ਉਹ ਕੈਨੇਡਾ ਭੱਜ ਗਿਆ।
ਦੋਸ਼ ਹੈ ਕਿ ਕਤਲ ਕਰਨ ਲਈ ਹੀ ਮੁਲਜ਼ਮ ਕੈਨੇਡਾ ਤੋਂ ਪੰਜਾਬ ਆਇਆ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨਹਿਰ ‘ਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਸਮਰਾਲਾ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਗਾਇਕਾ ਦੇ ਭਰਾ ਜੋਤਿੰਦਰ ਸਿੰਘ ਦਾ ਕਹਿਣਾ ਹੈ ਕਿ ਇੰਦਰ ਕੌਰ 13 ਮਈ ਨੂੰ ਸ਼ਾਮ 6:30 ਵਜੇ ਬਾਜ਼ਾਰ ਤੋਂ ਕਰਿਆਨੇ ਦਾ ਸਮਾਨ ਖਰੀਦਣ ਲਈ ਆਪਣੀ ਚਿੱਟੀ ਫੋਰਡ ਫਿਗੋ ਕਾਰ ਲੈ ਕੇ ਗਈ ਸੀ, ਪਰ ਵਾਪਸ ਨਹੀਂ ਆਈ। ਜਦੋਂ ਉਹ ਵਾਪਸ ਨਹੀਂ ਆਈ, ਤਾਂ ਪਰਿਵਾਰ ਨੇ ਖੁਦ ਉਸਦੀ ਭਾਲ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਯਸ਼ਿੰਦਰ ਦੀ ਦੋਸਤੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਾਮਕ ਵਿਅਕਤੀ ਨਾਲ ਸੀ, ਜੋ ਮੂਲ ਰੂਪ ‘ਚ ਮੋਗਾ ਦਾ ਰਹਿਣ ਵਾਲਾ ਹੈ ਪਰ ਇਸ ਸਮੇਂ ਆਪਣੇ ਪਰਿਵਾਰ ਨਾਲ ਕੈਨੇਡਾ ‘ਚ ਰਹਿੰਦਾ ਹੈ। 13 ਮਈ ਦੀ ਰਾਤ ਨੂੰ, ਸੁਖਵਿੰਦਰ ਸਿੰਘ ਉਰਫ਼ ਸੁੱਖਾ ਅਤੇ ਕੁਝ ਹੋਰ ਅਣਪਛਾਤੇ ਸਾਥੀਆਂ ਨੇ ਯਸ਼ਿੰਦਰ ਕੌਰ ਨੂੰ ਅਗਵਾ ਕਰ ਲਿਆ ਸੀ।
ਜਮਾਲਪੁਰ ਥਾਣੇ ਦੇ ਐਸਐਚਓ ਬਲਬੀਰ ਸਿੰਘ ਨੇ ਦੱਸਿਆ ਕਿ ਨੀਲੋ ਨਹਿਰ ‘ਚੋਂ ਇੱਕ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਦੀ ਪਛਾਣ ਕਰਨ ਲਈ ਪਰਿਵਾਰ ਨੂੰ ਬੁਲਾਇਆ, ਜਿਸ ਤੋਂ ਬਾਅਦ ਇਸਦੀ ਪਛਾਣ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Read More: ਲੁਧਿਆਣਾ ‘ਚ ਗਲਤ ਸਾਈਡ ਜਾਂਦੀ ਹਰਿਆਣਾ ਰੋਡਵੇਜ਼ ਬੱਸ ਦਾ ਵੀਡੀਓ ਵਾਇਰਲ, ਪੁਲਿਸ ਨੇ ਕੱਟਿਆ ਚਲਾਨ




