ਦੇਸ਼, 11 ਅਪ੍ਰੈਲ 2026: ਭਾਰਤ ਦੇ ਚੋਣ ਕਮਿਸ਼ਨ ਦੇ ਵਿਸ਼ੇਸ਼ ਤੀਬਰ ਸੋਧ (SIR) ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਉੱਤਰ ਪ੍ਰਦੇਸ਼ ਲਈ ਅੰਤਿਮ ਵੋਟਰ ਸੂਚੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਹੈ। ਇਸ ਦੇ ਪੂਰਾ ਹੋਣ ਤੋਂ ਬਾਅਦ, ਨੌਂ ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਵੋਟਰ ਸੂਚੀਆਂ ਤੋਂ ਕੁੱਲ 6.08 ਕਰੋੜ ਨਾਮ ਹਟਾ ਦਿੱਤੇ ਗਏ ਹਨ।
ਪਿਛਲੇ ਸਾਲ 27 ਅਕਤੂਬਰ ਨੂੰ SIR ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ, 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਵੋਟਰਾਂ ਦੀ ਕੁੱਲ ਗਿਣਤੀ ਲਗਭਗ 51 ਕਰੋੜ ਸੀ। ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ, ਇਹ ਗਿਣਤੀ ਘਟ ਕੇ 44.92 ਕਰੋੜ ਰਹਿ ਗਈ ਹੈ।
SIR ਦੇ ਦੂਜੇ ਪੜਾਅ ‘ਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਤਾਮਿਲਨਾਡੂ, ਰਾਜਸਥਾਨ, ਛੱਤੀਸਗੜ੍ਹ, ਕੇਰਲਾ, ਗੁਜਰਾਤ, ਮੱਧ ਪ੍ਰਦੇਸ਼, ਗੋਆ, ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਲਈ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
ਉੱਤਰ ਪ੍ਰਦੇਸ਼ ‘ਚ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਅੰਤਿਮ SIR ਸੂਚੀ ਵਿੱਚ ਵੋਟਰਾਂ ਦੀ ਗਿਣਤੀ ਵਿੱਚ 13% ਦੀ ਗਿਰਾਵਟ ਦਿਖਾਈ ਗਈ ਹੈ ਜੋ ਕਿ 13.39 ਕਰੋੜ ਹੈ, ਭਾਵ ਸੂਚੀ ‘ਚੋਂ 2.04 ਕਰੋੜ ਨਾਮ ਹਟਾ ਦਿੱਤੇ ਗਏ ਹਨ। ਪੱਛਮੀ ਬੰਗਾਲ ‘ਚ ਲਗਭਗ 91 ਲੱਖ ਵੋਟਰਾਂ ਨੂੰ ਅੰਤਿਮ ਸੂਚੀ ‘ਚੋਂ ਬਾਹਰ ਰੱਖਿਆ ਗਿਆ ਸੀ।
ਚੋਣ ਕਮਿਸ਼ਨ ਨੇ 24 ਜੂਨ, 2025 ਨੂੰ ਦੇਸ਼ ਵਿਆਪੀ SIR ਦਾ ਆਦੇਸ਼ ਦਿੱਤਾ ਸੀ। ਹੁਣ ਤੱਕ, 10 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕੀਤਾ ਗਿਆ ਹੈ। SIR ਦਾ ਪਹਿਲਾ ਪੜਾਅ ਬਿਹਾਰ ‘ਚ ਕੀਤਾ ਗਿਆ ਸੀ, ਅਤੇ ਦੂਜਾ ਪੜਾਅ ਨੌਂ ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ। ਅਸਾਮ ‘ਚ, SIR ਦੀ ਬਜਾਏ 10 ਫਰਵਰੀ ਨੂੰ ਇੱਕ ਵਿਸ਼ੇਸ਼ ਸੋਧ ਪੂਰੀ ਕੀਤੀ ਗਈ ਸੀ।
ਇਸ ਪੂਰੀ ਪ੍ਰਕਿਰਿਆ ਦੌਰਾਨ, ਕਈ ਰਾਜਾਂ ਵਿੱਚ ਸਮਾਂ-ਸਾਰਣੀ ਵਾਰ-ਵਾਰ ਬਦਲੀ ਗਈ। ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਰਾਜਨੀਤਿਕ ਪਾਰਟੀਆਂ ਨੇ ਇਸ ਪ੍ਰਕਿਰਿਆ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।
ਦੇਸ਼ ਦੇ ਲਗਭਗ 990 ਕਰੋੜ ਵੋਟਰਾਂ ‘ਚੋਂ 60 ਕਰੋੜ ਨੂੰ ਇਸ ਮੁਹਿੰਮ ‘ਚ ਸ਼ਾਮਲ ਕੀਤਾ ਗਿਆ ਹੈ। ਬਾਕੀ 39 ਕਰੋੜ ਵੋਟਰਾਂ ਨੂੰ 17 ਸੂਬਿਆਂ ਅਤੇ ਪੰਜ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ SIR ਦੇ ਤੀਜੇ ਪੜਾਅ ‘ਚ ਕਵਰ ਕੀਤਾ ਜਾਵੇਗਾ। ਇਨ੍ਹਾਂ 22 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ SIR ਪ੍ਰਕਿਰਿਆ ਇਸ ਮਹੀਨੇ ਪੰਜ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼ੁਰੂ ਹੋਵੇਗੀ।




