ਅਹਿਮਦਾਬਾਦ, 05 ਅਪ੍ਰੈਲ 2026: Ahmedabad plane crash: ਅਹਿਮਦਾਬਾਦ ‘ਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੇ 10 ਮਹੀਨੇ ਬਾਅਦ, ਪੀੜਤਾਂ ਦੇ ਲਗਭੱਗ 30 ਪਰਿਵਾਰਾਂ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ, ਜਿਸ ‘ਚ ਪ੍ਰਧਾਨ ਮੰਤਰੀ ਨੂੰ ਫਲਾਈਟ ਦੇ ਬਲੈਕ ਬਾਕਸ ਅਤੇ ਕਾਕਪਿਟ ਵੌਇਸ ਰਿਕਾਰਡਰ (CVR) ਡੇਟਾ ਨੂੰ ਜਾਰੀ ਕਰਨ ਦੀ ਅਪੀਲ ਕੀਤੀ।
ਪਰਿਵਾਰਾਂ ਦਾ ਕਹਿਣਾ ਹੈ ਕਿ “ਸਾਨੂੰ ਪੈਸੇ ਨਹੀਂ ਚਾਹੀਦੇ। ਅਸੀਂ ਹਾਦਸੇ ਬਾਰੇ ਸੱਚ ਜਾਣਨਾ ਚਾਹੁੰਦੇ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਹਾਦਸਾ ਕਿਉਂ ਹੋਇਆ ਅਤੇ ਕੀ ਕੋਈ ਤਕਨੀਕੀ ਖਰਾਬੀ ਸੀ।” ਉਨ੍ਹਾਂ ਦਾ ਤਰਕ ਹੈ ਕਿ ਜੇਕਰ ਬਲੈਕ ਬਾਕਸ ਡੇਟਾ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ, ਤਾਂ ਇਸਨੂੰ ਘੱਟੋ ਘੱਟ ਪਰਿਵਾਰਾਂ ਨਾਲ ਨਿੱਜੀ ਤੌਰ ‘ਤੇ ਸਾਂਝਾ ਕੀਤਾ ਜਾਣਾ ਚਾਹੀਦਾ ਹੈ।
12 ਜੂਨ 2025 ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਇੱਕ ਬੋਇੰਗ 787-8 ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਮੈਡੀਕਲ ਕਾਲਜ ਹੋਸਟਲ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਕੁੱਲ 260 ਲੋਕ ਮਾਰੇ ਗਏ, ਜਿਨ੍ਹਾਂ ‘ਚ 241 ਯਾਤਰੀ ਅਤੇ 19 ਹੋਰ ਯਾਤਰੀ ਸ਼ਾਮਲ ਸਨ।
ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ‘ਚ ਪਰਿਵਾਰਾਂ ਨੇ ਏਅਰ ਇੰਡੀਆ ‘ਤੇ ਸਹਾਇਤਾ ਦੀ ਘਾਟ ਦਾ ਦੋਸ਼ ਲਗਾਇਆ। ਕਿੰਜਲ ਪਟੇਲ, ਜਿਸਨੇ ਹਾਦਸੇ ‘ਚ ਆਪਣੀ ਮਾਂ ਨੂੰ ਗੁਆ ਦਿੱਤਾ ਸੀ, ਉਨ੍ਹਾਂ ਨੇ ਏਅਰ ਇੰਡੀਆ ਦੀ ਵੈੱਬਸਾਈਟ ਦੀ ਵਰਤੋਂ ਕਰਨ ‘ਚ ਆਉਣ ਵਾਲੀਆਂ ਮੁਸ਼ਕਿਲ ਬਾਰੇ ਦੱਸਿਆ, ਜੋ ਪੀੜਤਾਂ ਦੇ ਸਮਾਨ ਦੀ ਪਛਾਣ ਕਰਨ ਲਈ ਵਰਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ, “ਵੈਬਸਾਈਟ 25,000 ਤੋਂ ਵੱਧ ਚੀਜ਼ਾਂ ਦੀ ਸੂਚੀ ਦਿੰਦੀ ਹੈ, ਪਰ ਤਸਵੀਰਾਂ ਸਾਫ਼ ਨਹੀਂ ਹਨ। ਕੁਝ ਵੀ ਲੱਭਣਾ ਜਾਂ ਪਛਾਣਨਾ ਲਗਭਗ ਅਸੰਭਵ ਹੈ।” ਖੇੜਾ ਦੇ ਰੋਮਿਨ ਵੋਰਾ, ਜਿਸਨੇ ਆਪਣੀ ਮਾਂ, ਭਰਾ ਅਤੇ ਧੀ ਨੂੰ ਗੁਆ ਦਿੱਤਾ, ਉਨ੍ਹਾਂ ਨੇ ਕਿਹਾ ਕਿ ਡਿਜੀਟਲ ਸਾਧਨਾਂ ਤੱਕ ਪਹੁੰਚ ਦੀ ਘਾਟ ਕਾਰਨ ਬਹੁਤ ਸਾਰੇ ਪਰਿਵਾਰ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾ ਨੇ ਕਿਹਾ ਕਿ “ਸਿਰਫ਼ ਇੱਕ ਈਮੇਲ ਪਤਾ ਹੈ ਅਤੇ ਜਵਾਬ ਦੇਣ ਲਈ 15 ਦਿਨ ਲੱਗਦੇ ਹਨ। ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਈਮੇਲ ਦੀ ਵਰਤੋਂ ਕਰਨਾ ਵੀ ਨਹੀਂ ਆਉਂਦਾ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਵੈੱਬਸਾਈਟ ‘ਤੇ ਜਨਤਕ ਤੌਰ ‘ਤੇ ਨਿੱਜੀ ਸਮਾਨ ਪ੍ਰਦਰਸ਼ਿਤ ਕਰਨਾ ਅਸੰਵੇਦਨਸ਼ੀਲ ਹੈ।
ਜਹਾਜ਼ ਹਾਦਸੇ ‘ਚ ਆਪਣੇ 24 ਸਾਲਾ ਪੁੱਤਰ ਦੀ ਮੌਤ ਤੋਂ ਬਾਅਦ, ਨੀਲੇਸ਼ ਪੁਰੋਹਿਤ ਨੇ ਕਿਹਾ, “ਮੇਰਾ ਘਰ ਹੁਣ ਪੂਰੀ ਤਰ੍ਹਾਂ ਖਾਲੀ ਮਹਿਸੂਸ ਹੁੰਦਾ ਹੈ। ਕੋਈ ਵੀ ਮੁਆਵਜ਼ਾ ਇਸ ਖਾਲੀਪਣ ਨੂੰ ਨਹੀਂ ਭਰ ਸਕਦਾ। ਸਾਨੂੰ ਪੈਸੇ ਦੀ ਲੋੜ ਨਹੀਂ ਹੈ, ਸਾਨੂੰ ਸੱਚਾਈ ਜਾਣਨ ਦੀ ਲੋੜ ਹੈ।”
ਪੀੜਤ ਪਰਿਵਾਰਾਂ ਨੇ ਪੱਤਰ ਦੀਆਂ ਕਾਪੀਆਂ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB), ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਵੀ ਭੇਜੀਆਂ ਹਨ। ਏਅਰ ਇੰਡੀਆ ਦੇ ਜਵਾਬ ਦੀ ਉਡੀਕ ਹੈ।
ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਪਿਛਲੇ ਸਾਲ ਜੁਲਾਈ ‘ਚ ਹੋਏ ਜਹਾਜ਼ ਹਾਦਸੇ ਬਾਰੇ ਆਪਣੀ ਮੁੱਢਲੀ ਜਾਂਚ ਰਿਪੋਰਟ ਪੇਸ਼ ਕੀਤੀ ਸੀ। ਅੰਤਿਮ ਰਿਪੋਰਟ ਇਸ ਸਾਲ ਜੂਨ ‘ਚ, ਹਾਦਸੇ ਦੀ ਪਹਿਲੀ ਵਰ੍ਹੇਗੰਢ ਦੇ ਆਸਪਾਸ ਆਉਣ ਦੀ ਉਮੀਦ ਹੈ।
Read More: ਭਾਰੀ ਬਰਫ਼ਬਾਰੀ ਕਾਰਨ ਅਟਲ ਸੁਰੰਗ ਬੰਦ, 11 ਸੂਬਿਆਂ ‘ਚ ਮੀਂਹ ਦਾ ਅਲਰਟ




