IndiGo flight emergency landing

ਤਕਨੀਕੀ ਖ਼ਰਾਬੀ ਕਾਰਨ ਇੰਡੀਗੋ ਫਲਾਈਟ ਦੀ ਦਿੱਲੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ

ਦਿੱਲੀ, 28 ਮਾਰਚ 2026: ਵਿਸ਼ਾਖਾਪਟਨਮ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਉਡਾਣ 6E 579 ਨੇ ਸ਼ਨੀਵਾਰ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਇਸ ਇੰਡੀਗੋ ਫਲਾਈਟ ‘ਚ 160 ਯਾਤਰੀ ਸਵਾਰ ਸਨ। ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਨੂੰ ਯਕੀਨੀ ਬਣਾਉਣ ਲਈ ਰਨਵੇਅ 28 ‘ਤੇ ਪੂਰੀ ਐਮਰਜੈਂਸੀ ਐਲਾਨੀ ਗਈ ਸੀ। SOPs ਦੇ ਮੁਤਾਬਕ, ਫਾਇਰ ਇੰਜਣ ਅਤੇ ਐਂਬੂਲੈਂਸਾਂ ਨੂੰ ਰਨਵੇਅ ਦੇ ਨਾਲ ਤਾਇਨਾਤ ਕੀਤਾ ਸੀ।

ਬੋਇੰਗ 737 ਜਹਾਜ਼ (TC-CON) ਜਿਸਨੇ ਇੰਜਣ ‘ਚ ਖ਼ਰਾਬੀ ਆਈ, ਉਨ੍ਹਾਂ ਨੂੰ ਤੁਰਕੀ ਦੀ ਕੋਰੈਂਡਨ ਏਅਰਲਾਈਨਜ਼ ਤੋਂ ਵੈੱਟ-ਲੀਜ਼ ‘ਤੇ ਲਿਆ ਗਿਆ ਸੀ। ਉਡਾਣ 6E 579 ਨੂੰ ਲੈਂਡਿੰਗ ਤੋਂ ਠੀਕ ਪਹਿਲਾਂ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸਾਵਧਾਨੀ ਵਰਤਦੇ ਹੋਏ ਅਤੇ ਸਥਾਪਿਤ ਨਿਯਮਾਂ ਦੇ ਮੁਤਾਬਕ, ਪਾਇਲਟਾਂ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਤੋਂ ਲੈਂਡਿੰਗ ਦੀ ਇਜਾਜ਼ਤ ਮੰਗੀ। ਜਹਾਜ਼ ਦਿੱਲੀ ਦੇ IGI ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ। ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਹਾਜ਼ ਦਾ ਨਿਰੀਖਣ ਅਤੇ ਜ਼ਰੂਰੀ ਰੱਖ-ਰਖਾਅ ਕੀਤਾ ਜਾ ਰਿਹਾ ਹੈ।

ਜਨਵਰੀ 2025 ਤੋਂ ਦੇਸ਼ ਦੀਆਂ ਛੇ ਪ੍ਰਮੁੱਖ ਏਅਰਲਾਈਨਾਂ ਨਾਲ ਸਬੰਧਤ ਕੁੱਲ 754 ਜਹਾਜ਼ਾਂ ਦਾ ਤਕਨੀਕੀ ਨਿਰੀਖਣ ਕੀਤਾ ਗਿਆ ਹੈ। ਇਨ੍ਹਾਂ ‘ਚੋਂ 377 ਜਹਾਜ਼ਾਂ ਦੀ ਪਛਾਣ ਵਾਰ-ਵਾਰ ਨੁਕਸ ਵਾਲੇ ਵਜੋਂ ਕੀਤੀ ਸੀ। ਇਸਦਾ ਮਤਲਬ ਹੈ ਕਿ ਉਹੀ ਨੁਕਸ ਵਾਰ-ਵਾਰ ਆਇਆ, ਭਾਵੇਂ ਇਸਨੂੰ ਪਹਿਲਾਂ ਠੀਕ ਕੀਤਾ ਗਿਆ ਸੀ।

ਏਅਰ ਇੰਡੀਆ ਗਰੁੱਪ ਦੇ 267 ਜਹਾਜ਼ਾਂ ‘ਚੋਂ 191 (72%) ‘ਚ ਵਾਰ-ਵਾਰ ਤਕਨੀਕੀ ਨੁਕਸ ਪਾਏ ਗਏ। ਇਸ ਤੋਂ ਬਾਅਦ ਇੰਡੀਗੋ ਆਈ, ਜਿਸ ਦੇ 405 ਜਹਾਜ਼ਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ‘ਚੋਂ, 148 ‘ਚ ਇਸ ਸਾਲ 3 ਫਰਵਰੀ ਤੱਕ ਦੁਹਰਾਉਣ ਵਾਲੇ ਨੁਕਸ (ਵਾਰ-ਵਾਰ ਉਹੀ ਨੁਕਸ ਆਉਣਾ) ਪਾਏ ਗਏ।

ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਲੋਕ ਸਭਾ ਨੂੰ ਦੱਸਿਆ ਕਿ ਡੀਜੀਸੀਏ ਨੇ ਪਿਛਲੇ ਸਾਲ ਵਿਆਪਕ ਸੁਰੱਖਿਆ ਨਿਰੀਖਣ ਕੀਤੇ ਸਨ। ਇਸ ਸਮੇਂ ਦੌਰਾਨ, 3,890 ਨਿਗਰਾਨੀ ਨਿਰੀਖਣ, 56 ਆਡਿਟ, 492 ਰੈਂਪ ਜਾਂਚ, ਅਤੇ 84 ਵਿਦੇਸ਼ੀ ਜਹਾਜ਼ਾਂ ਦੀ ਜਾਂਚ ਕੀਤੀ। ਇਸਦੇ ਨਾਲ ਹੀ 874 ਸਪਾਟ ਜਾਂਚ ਅਤੇ 550 ਰਾਤ ਦੀ ਨਿਗਰਾਨੀ ਜਾਂਚ ਵੀ ਕੀਤੀ ਗਈ।

Read More: ਨਿਤੀਸ਼ ਕੁਮਾਰ 10 ਅਪ੍ਰੈਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਚੁੱਕਣਗੇ ਸਹੁੰ

ਵਿਦੇਸ਼

Scroll to Top