ਤੰਬਾਕੂ ਟੈਕਸ ਚੋਰੀ

ਪੰਜਾਬ ਸਰਕਾਰ ਦੀ ਤੰਬਾਕੂ ਟੈਕਸ ਚੋਰੀ ਖਿਲਾਫ਼ ਵੱਡੀ ਕਾਰਵਾਈ, 1.5 ਕਰੋੜ ਰੁਪਏ ਦਾ ਗੈਰ-ਰਜਿਸਟਰਡ ਸਟਾਕ ਬਰਾਮਦ

ਚੰਡੀਗੜ੍ਹ, 27 ਮਾਰਚ 2026: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਕਰ ਵਿਭਾਗ ਨੇ ਤੰਬਾਕੂ ਟੈਕਸ ਚੋਰੀ ਨੂੰ ਨੱਥ ਪਾਉਣ ਲਈ ਪੰਜਾਬ ਭਰ ‘ਚ ਵੱਡੇ ਪੱਧਰ ‘ਤੇ ਇਨਫੋਰਸਮੈਂਟ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਹਰਪਾਲ ਸਿੰਘ ਚੀਮਾ ਮੁਤਾਬਕ ਕਰੀਬ 1.5 ਕਰੋੜ ਰੁਪਏ ਦੇ ਬਿਨਾਂ ਹਿਸਾਬ ਵਾਲੇ (ਅਣ-ਅਕਾਊਂਟਿਡ) ਸਾਮਾਨ ਦਾ ਪਤਾ ਲਗਾਇਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਬਾਰੇ ਦੱਸਿਆ ਕਿ “ਸਿਗਰਟਾਂ, ਬੀੜੀਆਂ ਅਤੇ ਇਸ ਨਾਲ ਸਬੰਧਿਤ ਹੋਰ ਤੰਬਾਕੂ ਉਤਪਾਦਾਂ ‘ਤੇ ਟੈਕਸ ਦਰਾਂ ‘ਚ ਹਾਲ ਹੀ ‘ਚ ਹੋਏ ਵਾਧੇ ਤੋਂ ਬਾਅਦ ਕਰ ਵਿਭਾਗ ਨੂੰ ਇਸ ਖੇਤਰ ‘ਚ ਟੈਕਸ ਚੋਰੀ ਦੀਆਂ ਗਤੀਵਿਧੀਆਂ ਵਧਣ ਬਾਰੇ ਜਾਣਕਾਰੀ ਮਿਲੀ ਸੀ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਆਧਾਰਿਤ ਚਾਰ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟਸ ਦੀਆਂ ਟੀਮਾਂ ਨੂੰ ਐਕਟਿਵ ਕੀਤਾ ਗਿਆ | ਇਨ੍ਹਾਂ
ਯੂਨਿਟਾਂ ਨੇ 8 ਵੱਖ-ਵੱਖ ਥਾਵਾਂ ‘ਤੇ ਇੱਕੋ ਸਮੇਂ ਤਲਾਸ਼ੀ ਕੀਤੀ | ਇਸ ਦੌਰਾਨ ਪੰਜ ਰਜਿਸਟਰਡ ਕਾਰੋਬਾਰਾਂ ਅਤੇ ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਤਿੰਨ ਕਾਰੋਬਾਰਾਂ ਦੀ ਜਾਂਚ ਕੀਤੀ।”

ਵਿੱਤ ਮੰਤਰੀ ਨੇ ਕਿਹਾ ਕਿ ਲੁਧਿਆਣਾ ਅਤੇ ਅੰਮ੍ਰਿਤਸਰ ‘ਚ ਵੱਡੇ ਪੱਧਰ ‘ਤੇ ਚੋਰੀਆਂ ਫੜੀਆਂ, ਜਿੱਥੇ ਇਨਫੋਰਸਮੈਂਟ ਟੀਮਾਂ ਨੇ ਗੁਪਤ ਸਟੋਰੇਜ ਵਾਲੀਆਂ ਥਾਵਾਂ ਅਤੇ ਬਿਨਾਂ ਹਿਸਾਬ ਵਾਲੇ ਸਟਾਕ ਦੀ ਪਛਾਣ ਕਰਨ ਲਈ ਅਹਿਮ ਯਤਨ ਕੀਤੇ। ਉਨ੍ਹਾਂ ਦੱਸਿਆ ਕਿ ਮੁੱਖ ਦੁਕਾਨਾਂ ਅਤੇ ਉਨ੍ਹਾਂ ਨਾਲ ਜੁੜੇ ਗੋਦਾਮਾਂ ਦੀ ਬਾਰੀਕੀ ਨਾਲ ਕੀਤੀ ਚੈਕਿੰਗ ਦੌਰਾਨ ਭਾਰੀ ਮਾਤਰਾ ‘ਚ ਸਾਮਾਨ ਬਿਨਾਂ ਜਾਇਜ਼ ਬਿੱਲਾਂ (ਇਨਵਾਇਸਾਂ) ਦੇ ਸਟੋਰ ਕਰਕੇ ਵੇਚਿਆ ਜਾ ਰਿਹਾ ਪਾਇਆ ਗਿਆ।”

ਵਿੱਤ ਮੰਤਰੀ ਨੇ ਦੱਸਿਆ ਕਿ ਜ਼ਬਤ ਕੀਤੇ ਸਟਾਕ ‘ਚ ਭਾਰਤ ‘ਚ ਬਣੇ ਸਿਗਰਟਾਂ ਦੇ ਲਗਭਗ 1.32 ਲੱਖ ਪੈਕੇਟ, ਬੀੜੀਆਂ ਦੇ 18,472 ਪੈਕੇਟ, ਜ਼ਰਦੇ ਦੇ 302 ਪੈਕੇਟ, ਵਿਦੇਸ਼ੀ ਸਿਗਰਟਾਂ ਦੇ 13 ਪੈਕੇਟ ਅਤੇ 95 ਡੱਬੇ, ਵਿਦੇਸ਼ੀ ਬਣੇ ਹੁੱਕੇ ਦੇ ਸਾਮਾਨ ਦੇ 148 ਪੀਸ, 13,000 ਲਾਈਟਰ ਅਤੇ ਕੂਲਿਪ ਦੇ 18 ਪੈਕੇਟ ਸ਼ਾਮਲ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਫੜੇ ਸਾਮਾਨ ‘ਤੇ ਕਾਨੂੰਨ ਦੀਆਂ ਧਾਰਾਵਾਂ ਮੁਤਾਬਕ ਬਣਦੇ ਜੁਰਮਾਨੇ ਦੇ ਨਾਲ-ਨਾਲ 50 ਲੱਖ ਰੁਪਏ ਤੋਂ ਵੱਧ ਦੀ ਟੈਕਸ ਦੇਣਦਾਰੀ ਸਖ਼ਤੀ ਨਾਲ ਵਸੂਲੀ ਜਾਵੇਗੀ। ਹੁਣ ਤੱਕ 12 ਲੱਖ ਰੁਪਏ ਦੀ ਰਕਮ ਪਹਿਲਾਂ ਹੀ ਵਸੂਲੀ ਜਾ ਚੁੱਕੀ ਹੈ, ਅਤੇ ਹੋਰ ਵਸੂਲੀ ਦੀ ਕਾਰਵਾਈ ਤੇਜ਼ੀ ਨਾਲ ਜਾਰੀ ਹੈ।”

ਪੰਜਾਬ ਸਰਕਾਰ ਨੇ ਵਪਾਰੀਆਂ ਨੂੰ ਸਖ਼ਤ ਐਡਵਾਈਜ਼ਰੀ ਵੀ ਜਾਰੀ ਕੀਤੀ, ਜਿਸ ‘ਚ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਦਸਤਾਵੇਜ਼ ਬਣਾਈ ਰੱਖਣ ਅਤੇ ਸਖ਼ਤ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।

Read More: ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 4 ਲੱਖ ਰੁਪਏ ਦਾ ਜੀਵਨ-ਰੱਖਿਅਕ ਆਪ੍ਰੇਸ਼ਨ ਕੈਸ਼ਲੈੱਸ ਹੋਇਆ: ਡਾ. ਬਲਬੀਰ ਸਿੰਘ

ਵਿਦੇਸ਼

Scroll to Top