ਵਿਦੇਸ਼, 04 ਮਾਰਚ 2026: ਅੱਜ ਅਮਰੀਕਾ-ਇਜ਼ਰਾਈਲ-ਇਰਾਨ ਯੁੱਧ ਦਾ ਪੰਜਵਾਂ ਦਿਨ ਹੈ। ਈਰਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੁਬਈ ‘ਚ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਅਤੇ ਲੇਬਨਾਨ ਦੀ ਰਾਜਧਾਨੀ ਬੇਰੂਤ ‘ਤੇ ਬੰਬਾਰੀ ਕੀਤੀ ਹੈ।
ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਦਾਅਵਾ ਕੀਤਾ ਹੈ ਕਿ ਪਹਿਲੇ ਦੋ ਦਿਨਾਂ ਦੇ ਅੰਦਰ ਜਵਾਬੀ ਹਮਲਿਆਂ ‘ਚ ਲਗਭਗ 650 ਅਮਰੀਕੀ ਸੈਨਿਕ ਮਾਰੇ ਗਏ ਜਾਂ ਜ਼ਖਮੀ ਹੋਏ ਹਨ। ਹਾਲਾਂਕਿ, ਅਮਰੀਕਾ ਨੇ ਇਨ੍ਹਾਂ ਅੰਕੜਿਆਂ ਨੂੰ ਸਵੀਕਾਰ ਨਹੀਂ ਕੀਤਾ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਫੌਜ ਨੂੰ ਇਜ਼ਰਾਈਲ ਦੇ ਸਹਿਯੋਗ ਨਾਲ ਈਰਾਨ ‘ਤੇ ਹਮਲਾ ਕਰਨ ਦਾ ਹੁਕਮ ਦਿੱਤਾ ਕਿਉਂਕਿ ਈਰਾਨ ਪਹਿਲਾਂ ਹਮਲਾ ਕਰਨ ਵਾਲਾ ਸੀ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਨੇ ਈਰਾਨ ‘ਚ ਇੱਕ ਕੁੜੀਆਂ ਦੇ ਸਕੂਲ ‘ਤੇ ਹਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ, ਇਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਹਮਲੇ ਲਈ ਕਿਸ ਨੂੰ ਜ਼ਿੰਮੇਵਾਰ ਮੰਨਦਾ ਹੈ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਤੁਰੰਤ, ਨਿਰਪੱਖ ਅਤੇ ਪੂਰੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇਨੇਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਬੁਲਾਰੇ ਰਵੀਨਾ ਸ਼ਮਦਾਸਾਨੀ ਨੇ ਕਿਹਾ ਕਿ ਹਮਲਾ ਕਰਨ ਵਾਲੀ ਧਿਰ ਦੀ ਜ਼ਿੰਮੇਵਾਰੀ ਹੈ ਕਿ ਉਹ ਜਾਂਚ ਕਰੇ ਅਤੇ ਸੱਚਾਈ ਦਾ ਖੁਲਾਸਾ ਕਰੇ।
ਉਸਨੇ ਇਸ ਘਟਨਾ ਨੂੰ ਭਿਆਨਕ ਦੱਸਿਆ ਅਤੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਤਸਵੀਰਾਂ ਇਸ ਟਕਰਾਅ ਦੀ ਤਬਾਹੀ ਅਤੇ ਦਰਦ ਨੂੰ ਦਰਸਾਉਂਦੀਆਂ ਹਨ। ਇਹ ਸਕੂਲ ਦੱਖਣੀ ਈਰਾਨ ਵਿੱਚ ਸਥਿਤ ਹੈ ਅਤੇ ਸ਼ਨੀਵਾਰ ਨੂੰ ਹਮਲਾ ਕੀਤਾ ਗਿਆ ਸੀ, ਉਸੇ ਦਿਨ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ।
ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਰਾਜਦੂਤ ਅਲੀ ਬਹਿਰੀਨੀ ਨੇ ਹਮਲੇ ਨੂੰ ਗਲਤ ਅਤੇ “ਅਪਰਾਧਿਕ” ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ‘ਚ 180 ਵਿਦਿਆਰਥਣਾਂ ਦੀ ਮੌਤ ਹੋਈ ਹੈ |
Read More: PM ਮੋਦੀ ਨੇ ਖਾੜੀ ਦੇਸ਼ਾਂ ਦੇ ਮੁੱਖ ਆਗੂਆਂ ਨਾਲ ਕੀਤੀ ਗੱਲਬਾਤ




