ਦਿੱਲੀ, 13 ਫ਼ਰਵਰੀ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੇਵਾ ਤੀਰਥ ਕੰਪਲੈਕਸ ਵਿਖੇ ਕਰਤੱਵਯ ਭਵਨ 1 ਅਤੇ 2 ਦਾ ਉਦਘਾਟਨ ਕੀਤਾ | ਇਸਦੇ ਨਾਲ ਹੀ ਇੱਕ ਸਿੱਕਾ ਅਤੇ ਇੱਕ ਡਾਕ ਟਿਕਟ ਜਾਰੀ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਸਵੇਰੇ “ਸੇਵਾ ਤੀਰਥ” ਕੰਪਲੈਕਸ ਦਾ ਉਦਘਾਟਨ ਕੀਤਾ ਸੀ। ਇਸ ਨਵੀਂ ਇਮਾਰਤ ‘ਚ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ), ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਅਤੇ ਕੈਬਨਿਟ ਸਕੱਤਰੇਤ ਹੋਣਗੇ। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਉਦਯੋਗ ਭਵਨ ਮੈਟਰੋ ਸਟੇਸ਼ਨ ਦਾ ਨਾਮ ਬਦਲ ਕੇ ਸੇਵਾ ਤੀਰਥ ਮੈਟਰੋ ਸਟੇਸ਼ਨ ਰੱਖਿਆ ਜਾਵੇਗਾ।
ਜਨਤਕ ਸਮਾਗਮ ਦੌਰਾਨ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਕਦਮ ਵਿਕਸਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨ ‘ਚ ਮਹੱਤਵਪੂਰਨ ਹੈ। “ਅੱਜ ਅਸੀਂ ਨਵੇਂ ਇਤਿਹਾਸ ਨੂੰ ਬਣਦੇ ਦੇਖ ਰਹੇ ਹਾਂ। ਇਹ ਭਾਰਤ ਦੀ ਵਿਕਾਸ ਯਾਤਰਾ ‘ਚ ਇੱਕ ਨਵੀਂ ਸ਼ੁਰੂਆਤ ਹੈ |
ਪ੍ਰਧਾਨ ਮੰਤਰੀ ਨੇ ਕਿਹਾ, “ਆਜ਼ਾਦੀ ਤੋਂ ਬਾਅਦ, ਸਾਊਥ ਬਲਾਕ ਅਤੇ ਨੌਰਥ ਬਲਾਕ ‘ਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਗਏ ਅਤੇ ਬਹੁਤ ਸਾਰੀਆਂ ਨੀਤੀਆਂ ਬਣਾਈਆਂ , ਪਰ ਇਹ ਇਮਾਰਤਾਂ ਬ੍ਰਿਟਿਸ਼ ਸ਼ਾਸਨ ਦੇ ਪ੍ਰਤੀਕ ਵਜੋਂ ਬਣਾਈਆਂ ਸਨ। ਉਨ੍ਹਾਂ ਦਾ ਉਦੇਸ਼ ਭਾਰਤ ਨੂੰ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ‘ਚ ਬੰਨ੍ਹ ਕੇ ਰੱਖਣਾ ਸੀ। ਇੱਕ ਸਮਾਂ ਸੀ ਜਦੋਂ ਕੋਲਕਾਤਾ ਦੇਸ਼ ਦੀ ਰਾਜਧਾਨੀ ਸੀ।”
ਉਨ੍ਹਾਂ ਕਿਹਾ ਕਿ 1905 ਦੀ ਬੰਗਾਲ ਵੰਡ ਦੌਰਾਨ, ਕੋਲਕਾਤਾ ਬ੍ਰਿਟਿਸ਼ ਵਿਰੋਧੀ ਲਹਿਰ ਦਾ ਇੱਕ ਮਜ਼ਬੂਤ ਕੇਂਦਰ ਬਣ ਗਿਆ ਸੀ। ਇਸ ਲਈ 1911 ‘ਚ ਅੰਗਰੇਜ਼ਾਂ ਨੇ ਭਾਰਤ ਦੀ ਰਾਜਧਾਨੀ ਦਿੱਲੀ ਤਬਦੀਲ ਕਰ ਦਿੱਤੀ। ਬਾਅਦ ‘ਚ ਬ੍ਰਿਟਿਸ਼ ਸਰਕਾਰ ਦੀਆਂ ਜ਼ਰੂਰਤਾਂ ਅਤੇ ਦ੍ਰਿਸ਼ਟੀਕੋਣ ਦੇ ਅਨੁਸਾਰ ਨੌਰਥ ਬਲਾਕ ਅਤੇ ਸਾਊਥ ਬਲਾਕ ਵਰਗੀਆਂ ਇਮਾਰਤਾਂ ਬਣਾਈਆਂ।
ਇਨ੍ਹਾਂ ਇਮਾਰਤਾਂ ਨੇ ਗੁਲਾਮ ਭਾਰਤ ਦੀ ਧਰਤੀ ‘ਚ ਬ੍ਰਿਟਿਸ਼ ਰਾਜੇ ਦੇ ਦ੍ਰਿਸ਼ਟੀਕੋਣ ਨੂੰ ਅਨੁਵਾਦ ਕਰਨ ਦੇ ਸਾਧਨ ਵਜੋਂ ਕੰਮ ਕੀਤਾ। ਰਾਏਸੀਨਾ ਹਿਲਜ਼ ਨੂੰ ਇਸ ਲਈ ਚੁਣਿਆ ਗਿਆ ਸੀ ਤਾਂ ਜੋ ਇਹ ਇਮਾਰਤਾਂ ਦੂਜਿਆਂ ਨਾਲੋਂ ਉੱਚੀਆਂ ਹੋਣ। ਖੁਸ਼ਕਿਸਮਤੀ ਨਾਲ, ਸੇਵਾ ਤੀਰਥ ਦੀਆਂ ਇਮਾਰਤਾਂ ਪਹਾੜੀ ‘ਤੇ ਨਹੀਂ, ਸਗੋਂ ਜ਼ਮੀਨ ਨਾਲ ਜੁੜੀਆਂ ਹੋਈਆਂ ਹਨ।
Read More: ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ




