ਚੰਡੀਗੜ੍ਹ, 13 ਫਰਵਰੀ 2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤ ਅਤੇ ਸਿੱਖਿਆ ਵਿਭਾਗਾਂ ਨੂੰ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ ਮਸਲਿਆਂ ਦੇ ਹੱਲ ਲਈ ਇੱਕ ਸਾਂਝੀ ਬੈਠਕ ਬੁਲਾਉਣ ਦੇ ਨਿਰਦੇਸ਼ ਦਿੱਤੇ ਹਨ। ਵਿੱਤ ਮੰਤਰੀ ਨੇ ਇਹ ਨਿਰਦੇਸ਼ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ ਇੱਕ ਵਿਸਤ੍ਰਿਤ ਬੈਠਕ ਤੋਂ ਬਾਅਦ ਜਾਰੀ ਕੀਤੇ ਹਨ, ਇਸ ਮੌਕੇ ਯੂਨੀਅਨ ਦੇ ਨੁਮਾਇੰਦਿਆਂ ਨੇ ਪੂਰੇ ਵੇਰਵੇ ਦਿੱਤੇ |
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਵੱਲੋਂ ਉਠਾਏ ਮਸਲੇ ਗੰਭੀਰ ਅਤੇ ਸਮਾਂਬੱਧ ਵਿਚਾਰ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਮੈਂ ਵਿੱਤ ਅਤੇ ਸਿੱਖਿਆ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇੱਕ ਹੰਗਾਮੀ ਸਾਂਝੀ ਬੈਠਕ ਕਰਨ ਤਾਂ ਜੋ ਸਾਰੀਆਂ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਨਿਬੇੜਿਆ ਜਾ ਸਕੇ।”
ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਿ ਅੱਜ ਦੀ ਬੈਠਕ ਦੌਰਾਨ ਅਧਿਆਪਕਾਂ ਨੂੰ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਤੇ ਪੇਸ਼ੇਵਰ ਰੁਕਾਵਟਾਂ ਬਾਰੇ ਦੱਸਣ ਦਾ ਪੂਰਾ ਮੌਕਾ ਦਿੱਤਾ ਹੈ। ਉਨ੍ਹਾਂ ਦੀਆਂ ਮੰਗਾਂ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾਵੇ, ਜਿਸ ‘ਚ ਕਾਨੂੰਨੀ ਅਤੇ ਵਿੱਤੀ ਪ੍ਰਭਾਵ ਵੀ ਸ਼ਾਮਲ ਹਨ, ਤਾਂ ਜੋ ਅੰਤਿਮ ਫੈਸਲਾ ਕਾਨੂੰਨੀ ਤੌਰ ‘ਤੇ ਸਹੀ ਅਤੇ ਵਿੱਤੀ ਤੌਰ ‘ਤੇ ਵਿਵਹਾਰਕ ਹੋਵੇ।”
ਇਸ ਬੈਠਕ ‘ਚ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਸ਼ੌਕਤ ਅਹਿਮਦ ਪਰੈ, ਐਡੀਸ਼ਨਲ ਐਡਵੋਕੇਟ ਜਨਰਲ ਰਮਨਦੀਪ ਸਿੰਘ ਪੰਧੇਰ, ਵਿਸ਼ੇਸ਼ ਸਕੱਤਰ (ਪਰਸੋਨਲ) ਉਪਕਾਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਸੰਯੁਕਤ ਸਕੱਤਰ ਹਰਪ੍ਰੀਤ ਸਿੰਘ ਸਮੇਤ ਪ੍ਰਮੁੱਖ ਸਰਕਾਰੀ ਅਧਿਕਾਰੀਆਂ ਨੇ ਵਿਸਥਾਰ ‘ਚ ਚਰਚਾ ਕੀਤੀ। ਵਿੱਤ ਮੰਤਰੀ ਨੇ ਕਿਹਾ, “ਐਡਵੋਕੇਟ ਜਨਰਲ ਦਫ਼ਤਰ ਅਤੇ ਸੀਨੀਅਰ ਵਿੱਤ ਅਧਿਕਾਰੀਆਂ ਦੀ ਮੁਹਾਰਤ ਸਦਕਾ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਐਸੋਸੀਏਸ਼ਨ ਦੇ ਮਸਲੇ ਦਾ ਸੁਚੱਜਾ, ਪਾਰਦਰਸ਼ੀ ਅਤੇ ਸਥਿਰ ਹੱਲ ਕੱਢਿਆ ਜਾ ਸਕੇ।”
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ‘ਤੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ ਕਿ ਉਹ ਤੁਰੰਤ ਮਸਲੇ ਨਾਲ ਸਬੰਧਤ ਸਾਰੇ ਵੇਰਵੇ ਵਿੱਤ ਵਿਭਾਗ ਨਾਲ ਸਾਂਝੇ ਕੀਤੇ ਜਾਣ। ਉਨ੍ਹਾਂ ਕਿਹਾ, “ਇਹ ਅੰਤਰ-ਵਿਭਾਗੀ ਤਾਲਮੇਲ ਇੱਕ ਸੁਖਾਵੇਂ ਅਤੇ ਕਾਨੂੰਨੀ ਫੈਸਲੇ ਤੱਕ ਪਹੁੰਚਣ ਲਈ ਅੰਤਿਮ ਅਤੇ ਅਹਿਮ ਕਦਮ ਹੈ। ਸਾਡੇ ਅਧਿਆਪਕਾਂ ਦੇ ਮਸਲਿਆਂ ਨੂੰ ਹੱਲ ਕਰਨ ‘ਚ ਕੋਈ ਵੀ ਪ੍ਰਸ਼ਾਸਨਿਕ ਅੜਚਨ ਨਹੀਂ ਹੋਣੀ ਚਾਹੀਦੀ।” ਬੈਠਕ ਦੌਰਾਨ 180 ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਨੁਮਾਇੰਦਗੀ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਠਾਕੁਰ ਦੇ ਨਾਲ ਸੋਹਣ ਸਿੰਘ, ਗੁਰਮੁਖ ਸਿੰਘ ਅਤੇ ਗੌਰਵ ਕਾਂਤ ਨੇ ਕੀਤੀ।
Read More: IPL ਦੀ ਤਰਜ਼ ‘ਤੇ ਪੰਜਾਬ ਕ੍ਰਿਕਟ ਲੀਗ ਕਰਵਾਏਗੀ ਪੰਜਾਬ ਸਰਕਾਰ




