ਚੰਡੀਗੜ੍ਹ, 09 ਫਰਵਰੀ 2026: ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਨੇ ਅੱਜ (9 ਫਰਵਰੀ) ਚੰਡੀਗੜ੍ਹ ‘ਚ ਵਿਰੋਧ ਪ੍ਰਦਰਸ਼ਨ ਕੀਤਾ। ਮੰਤਰੀ ਹਰਭਜਨ ਈਟੀਓ ਬਾਰੇ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ ਦੇ ਵਿਰੋਧ ‘ਚ ਵਰਕਰਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਅਤੇ ਬੈਂਡ ਸੰਗੀਤ ਨਾਲ ਪ੍ਰਦਰਸ਼ਨ ਕੀਤਾ।
ਵਿਰੋਧ ਪ੍ਰਦਰਸ਼ਨ ਦੇ ਜਵਾਬ ‘ਚ ਪੁਲਿਸ ਨੇ ਸੈਕਟਰ 4 ਦੇ ਐਮਐਲਏ ਹੋਸਟਲ ਦੇ ਬਾਹਰ ਵਾਟਰ ਕੈਨਨ ਤਾਇਨਾਤ ਕੀਤੇ ਅਤੇ ਬੈਰੀਕੇਡ ਲਗਾਏ। ਹਾਲਾਂਕਿ, ਵਰਕਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਵੱਲ ਵਧਦੇ ਰਹੇ, ਜਿਸ ਕਾਰਨ ਪੁਲਿਸ ਅਤੇ ਵਰਕਰਾਂ ਵਿਚਾਲੇ ਝੜੱਪ ਹੋ ਗਈ। ਪੁਲਿਸ ਨੇ ਵਾਟਰ ਕੈਨਨ ਨਾਲ ਵਰਕਰਾਂ ‘ਤੇ ਪਾਣੀ ਦਾ ਛਿੜਕਾਅ ਕੀਤਾ, ਜਿਸ ਕਾਰਨ ਕੁਝ ਲੋਕਾਂ ਦੀਆਂ ਪੱਗਾਂ ਉਤਰ ਗਈਆਂ। ਪੁਲਿਸ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ ਈਟੀਓ, ਸਿਹਤ ਮੰਤਰੀ ਬਲਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ।
ਇਸ ਦੌਰਾਨ, ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਮਾਮਲੇ ਦਾ ਨੋਟਿਸ ਲਿਆ ਹੈ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ 11 ਫਰਵਰੀ ਨੂੰ ਦੁਪਹਿਰ 3 ਵਜੇ ਤਲਬ ਕੀਤਾ ਹੈ ਅਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਤੋਂ ਜਾਂਚ ਰਿਪੋਰਟ ਮੰਗੀ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਹਰਭਜਨ ਈਟੀਓ ਬੈਂਡ ਵਜਾਉਂਦਾ ਸੀ, ਪਰ ਹੁਣ ਉਹ ਪੰਜਾਬ ਦਾ ਬੈਂਡ ਵਜਾ ਰਿਹਾ ਹੈ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਸਿੱਧੇ ਤੌਰ ‘ਤੇ ਮੰਤਰੀ ਦੀ ਗਰਦਨ ਮਰੋੜਨ ਦੀ ਗੱਲ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਇਸ ‘ਚ ਸਿਰਫ਼ 3 ਮਿੰਟ ਲੱਗਦੇ ਹਨ। ਰਾਹੁਲ ਗਾਂਧੀ ਨੇ ਸਾਨੂੰ ਸਿਖਾਇਆ ਕੇ ਡਰਨਾ ਨਹੀਂ ਹੈ।
ਇਸ ‘ਤੇ ‘ਆਪ’ ਨੂੰ ਗੁੱਸਾ ਆਇਆ, ਮੰਤਰੀ ਹਰਭਜਨ ਈਟੀਓ ਨੇ ਕਿਹਾ ਕਿ ਜੋ ਲੋਕ ਕਲਰਕ ਦੀ ਨੌਕਰੀ ਨਹੀਂ ਕਰ ਸਕਦੇ ਸਨ, ਉਹ ਕਾਂਗਰਸ ‘ਚ ਵੱਡੇ ਸਿਆਸਤਦਾਨ ਬਣ ਰਹੇ ਹਨ। ਸਾਡੀ ਪਾਰਟੀ ਦੇ ਆਗੂ ਸਿੱਧੇ ਨਹੀਂ ਆਏ ਹਨ। ਉਨ੍ਹਾਂ ਕੋਲ ਕੋਈ ਨਾ ਕੋਈ ਅਹੁਦਾ ਸੀ। ‘ਆਪ’ ਦਾ ਹਰ ਆਗੂ ਕੋਈ ਨਾ ਕੋਈ ਕਾਰੋਬਾਰ ਜਾਂ ਕੋਈ ਨਾ ਕੋਈ ਨੌਕਰੀ ਛੱਡ ਕੇ ਆਇਆ ਹੈ।
Read More: ਚੰਡੀਗੜ੍ਹ ‘ਚ ਦੋ ਭੈਣਾਂ ਦੇ ਕ.ਤ.ਲ ਮਾਮਲੇ ‘ਚ ਸਾਬਕਾ ਪੁਲਿਸ ਇੰਸਪੈਕਟਰ ਦੇ ਪੁੱਤ ਨੂੰ ਉਮਰ ਕੈਦ ਦੀ ਸਜ਼ਾ




