ਦਿੱਲੀ, 06 ਅਕਤੂਬਰ 2025: ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਮੀਡੀਆ ਖ਼ਬਰਾਂ ਮੁਤਾਬਕ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਇੱਕ ਵਕੀਲ ਨੇ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ‘ਤੇ ਜੁੱਤਾ ਸੁੱਟਣ ਦੀ ਕੋਸ਼ਿਸ਼ ਕੀਤੀ। ਰਿਪੋਰਟਾਂ ਮੁਤਾਬਕ ਉਕਤ ਵਿਅਕਤੀ ਨੇ ਅਦਾਲਤ ਦੇ ਅੰਦਰ ਨਾਅਰੇਬਾਜ਼ੀ ਵੀ ਕੀਤੀ। ਬਾਅਦ ‘ਚ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਬਾਹਰ ਕੱਢ ਦਿੱਤਾ, ਜਿਸ ਨਾਲ ਅਦਾਲਤ ਦੀ ਕਾਰਵਾਈ ‘ਚ ਥੋੜ੍ਹੇ ਸਮੇਂ ਲਈ ਵਿਘਨ ਪਿਆ।
ਲਾਈਵ ਲਾਅ ਵੈੱਬਸਾਈਟ ਦੇ ਮੁਤਾਬਕ ਅਦਾਲਤ ‘ਚ ਮੌਜੂਦ ਲੋਕਾਂ ਨੇ ਦੱਸਿਆ ਕਿ ਉਸ ਵਿਅਕਤੀ ਨੇ ਨਾਅਰੇ ਲਗਾਏ, “ਹਿੰਦੁਸਤਾਨ ਸਨਾਤਨ ਧਰਮ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ।” ਖ਼ਬਰਾਂ ਮੁਤਾਬਕ ਕੁਝ ਦਾ ਕਹਿਣਾ ਹੈ ਕਿ ਵਿਅਕਤੀ ਨੇ ਚੀਫ਼ ਜਸਟਿਸ ‘ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਚੀਫ਼ ਜਸਟਿਸ ‘ਤੇ ਕਾਗਜ਼ ਦਾ ਰੋਲ ਸੁੱਟਿਆ ਗਿਆ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਵਿਅਕਤੀ ਨੇ ਵਕੀਲ ਦੀ ਪੋਸ਼ਾਕ ਪਾਈ ਹੋਈ ਸੀ।
ਇਸ ਘਟਨਾ ਤੋਂ ਬਾਅਦ, ਚੀਫ਼ ਜਸਟਿਸ ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਤੋਂ ਪਫਰਕ ਨਹੀਂ ਪੈਂਦਾ, ਫਿਰ ਉਨ੍ਹਾਂ ਨੇ ਕਾਰਵਾਈ ਜਾਰੀ ਰੱਖਣ ਲਈ ਕਿਹਾ। ਇਹ ਦੱਸਿਆ ਗਿਆ ਹੈ ਕਿ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ‘ਚ ਵਕੀਲ ਦੀ ਸ਼ਮੂਲੀਅਤ ਦੀ ਵੀ ਜਾਂਚ ਚੱਲ ਰਹੀ ਹੈ।
ਜਿਕਰਯੋਗ ਹੈ ਕਿ ਸੀਜੇਆਈ ਬੀਆਰ ਗਵਈ ਨੂੰ ਖਜੂਰਾਹੋ ਦੇ ਜਵਾਰੀ ਮੰਦਰ ‘ਚ ਭਗਵਾਨ ਵਿਸ਼ਨੂੰ ਦੀ ਮੂਰਤੀ ਸਥਾਪਤ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰਨ ਅਤੇ ਸੁਣਵਾਈ ਦੌਰਾਨ ਦਿੱਤੇ ਗਏ ਬਿਆਨਾਂ ਲਈ ਸੋਸ਼ਲ ਮੀਡੀਆ ‘ਤੇ ਵਿਆਪਕ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਚੀਫ਼ ਜਸਟਿਸ ਨੇ ਇਨ੍ਹਾਂ ਟਿੱਪਣੀਆਂ ਦਾ ਨੋਟਿਸ ਲੈਂਦੇ ਹੋਏ ਕਿਹਾ, “ਕਿਸੇ ਨੇ ਮੈਨੂੰ ਦੱਸਿਆ ਕਿ ਮੇਰੀਆਂ ਟਿੱਪਣੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ।”
Read More: ਸਹਾਰਾ ਗਰੁੱਪ ਦੀ ਜਾਇਦਾਦਾਂ ਅਡਾਨੀ ਪ੍ਰਾਪਰਟੀਜ਼ ਨੂੰ ਵੇਚਣ ਦੀ ਤਿਆਰੀ, ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ