ਇੰਗਲੈਂਡ, 07 ਜੂਨ 2025: IND-A ਬਨਾਮ ENG-A: ਨੌਰਥੈਂਪਟਨ ‘ਚ ਇੰਡੀਆ ਏ ਅਤੇ ਇੰਗਲੈਂਡ ਲਾਇਨਜ਼ ਵਿਚਕਾਰ ਖੇਡੇ ਜਾ ਰਹੇ ਦੂਜੇ ਅਣਅਧਿਕਾਰਤ ਟੈਸਟ ਦੇ ਪਹਿਲੇ ਦਿਨ ਦਾ ਮੈਚ ਕੇਐਲ ਰਾਹੁਲ (KL Rahul) ਦੇ ਨਾਮ ਰਿਹਾ । ਰਾਹੁਲ ਨੇ ਆਪਣੇ ਇੰਗਲੈਂਡ ਦੌਰੇ ਦੀ ਸ਼ੁਰੂਆਤ ਸੈਂਕੜਾ ਲਗਾ ਕੇ ਕੀਤੀ। ਰਾਹੁਲ ਨੇ ਪਹਿਲੀ ਪਾਰੀ ‘ਚ 168 ਗੇਂਦਾਂ ਵਿੱਚ 116 ਦੌੜਾਂ ਬਣਾਈਆਂ ਅਤੇ ਧਰੁਵ ਜੁਰੇਲ ਨੇ 52 ਦੌੜਾਂ ਬਣਾਈਆਂ।
ਪਹਿਲੇ ਦਿਨ ਦੇ ਖੇਡ ਦੇ ਅੰਤ ਤੱਕ, ਇੰਡੀਆ-ਏ ਨੇ ਸੱਤ ਵਿਕਟਾਂ ਦੇ ਨੁਕਸਾਨ ‘ਤੇ 319 ਦੌੜਾਂ ਬਣਾ ਲਈਆਂ ਹਨ। ਮੀਂਹ ਕਾਰਨ ਪਹਿਲੇ ਦਿਨ ਦੋ ਵਾਰ ਖੇਡ ਰੋਕਣੀ ਪਈ, ਜਿਸ ਕਾਰਨ ਸਿਰਫ਼ 83 ਓਵਰ ਹੀ ਖੇਡੇ ਜਾ ਸਕੇ। ਤਨੁਸ਼ ਕੋਟੀਅਨ (5) ਅਤੇ ਅੰਸ਼ੁਲ ਕੰਬੋਜ (1) ਨਾਬਾਦ ਵਾਪਸ ਪਰਤੇ।
ਇੰਗਲੈਂਡ ਲਾਇਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਹੁਲ (KL Rahul) ਅਤੇ ਯਸ਼ਸਵੀ ਜੈਸਵਾਲ ਨੇ ਸ਼ੁਰੂਆਤ ਕੀਤੀ, ਪਰ ਛੇਤੀ ਹੀ ਯਸ਼ਸਵੀ ਜੈਸਵਾਲ (17) ਅਤੇ ਕਪਤਾਨ ਅਭਿਮਨਿਊ ਈਸ਼ਵਰਨ (11) ਨੂੰ ਕ੍ਰਿਸ ਵੋਕਸ ਨੇ ਐਲਬੀਡਬਲਯੂ ਕਰ ਦਿੱਤਾ। ਇੰਡੀਆ-ਏ ਨੇ 40 ਦੇ ਸਕੋਰ ‘ਤੇ ਆਪਣੀਆਂ ਦੋ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਕਰੁਣ ਨਾਇਰ (40) ਅਤੇ ਰਾਹੁਲ ਨੇ ਪਾਰੀ ਦੀ ਕਮਾਨ ਸੰਭਾਲੀ। ਦੋਵਾਂ ਵਿਚਕਾਰ ਤੀਜੀ ਵਿਕਟ ਲਈ 139 ਗੇਂਦਾਂ ‘ਤੇ 86 ਦੌੜਾਂ ਦੀ ਸਾਂਝੇਦਾਰੀ ਹੋਈ।
ਅੰਪਾਇਰ ਦੇ ਫੈਸਲੇ ਤੋਂ ਨਾਰਾਜ ਯਸ਼ਸਵੀ ਜੈਸਵਾਲ
ਯਸ਼ਸਵੀ ਨੂੰ ਕ੍ਰਿਸ ਵੋਕਸ ਨੇ ਆਪਣਾ ਸ਼ਿਕਾਰ ਬਣਾਇਆ। ਵੋਕਸ ਦੀ ਗੇਂਦ ਯਸ਼ਸਵੀ ਦੇ ਪੈਡ ‘ਤੇ ਲੱਗੀ ਅਤੇ ਅੰਪਾਇਰ ਨੇ ਯਸ਼ਸਵੀ ਜੈਸਵਾਲ ਨੂੰ ਆਊਟ ਘੋਸ਼ਿਤ ਕਰ ਦਿੱਤਾ। ਯਸ਼ਸਵੀ ਇਸ ਫੈਸਲੇ ਤੋਂ ਖੁਸ਼ ਨਹੀਂ ਸੀ ਅਤੇ ਜੈਸਵਾਲ ਨੇ ਅੰਪਾਇਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਗੇਂਦ ਬਾਹਰ ਜਾ ਰਹੀ ਹੈ। ਹਾਲਾਂਕਿ, ਇਹ ਇੱਕ ਅਣਅਧਿਕਾਰਤ ਟੈਸਟ ਸੀ ਜਿਸ ਕਾਰਨ ਯਸ਼ਸਵੀ ਨੂੰ ਅੰਪਾਇਰ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਨਹੀਂ ਸੀ। ਆਊਟ ਹੋਣ ਤੋਂ ਬਾਅਦ, ਯਸ਼ਸਵੀ ਕੁਝ ਸਕਿੰਟਾਂ ਲਈ ਕ੍ਰੀਜ਼ ‘ਤੇ ਖੜ੍ਹਾ ਰਿਹਾ, ਪਰ ਜਦੋਂ ਅੰਪਾਇਰ ਨੇ ਉਸਨੂੰ ਦੁਬਾਰਾ ਆਊਟ ਕਰਨ ਦਾ ਸੰਕੇਤ ਦਿੱਤਾ, ਤਾਂ ਉਸਨੂੰ ਗੁੱਸੇ ‘ਚ ਪੈਵੇਲੀਅਨ ਵਾਪਸ ਆਉਂਦੇ ਦੇਖਿਆ ਗਿਆ।
ਪਹਿਲਾ ਟੈਸਟ ਮੈਚ (IND-A ਬਨਾਮ ENG-A) ਰਿਹਾ ਡਰਾਅ
ਇੰਡੀਆ-ਏ ਅਤੇ ਇੰਗਲੈਂਡ ਲਾਇਨਜ਼ ਵਿਚਕਾਰ ਪਹਿਲਾ ਅਣਅਧਿਕਾਰਤ ਟੈਸਟ ਡਰਾਅ ਹੋ ਗਿਆ। ਮੈਚ ਦੇ ਚੌਥੇ ਦਿਨ ਭਾਰਤ ਨੇ 4 ਅਰਧ-ਸੈਂਕੜੇ ਲਗਾਏ। ਪਹਿਲੇ ਦਿਨ, ਅੰਗਰੇਜ਼ੀ ਟੀਮ ਨੇ ਟਾਸ ਜਿੱਤਿਆ ਅਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਡੀਆ-ਏ ਨੇ ਪਹਿਲੀ ਪਾਰੀ ‘ਚ 557 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ 587 ਦੌੜਾਂ ‘ਤੇ ਆਲ ਆਊਟ ਹੋ ਗਈ। ਚੌਥੇ ਅਤੇ ਆਖਰੀ ਦਿਨ ਭਾਰਤ ਨੇ ਦੂਜੀ ਪਾਰੀ ‘ਚ ਦੋ ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ।
Read More: IND-A ਬਨਾਮ ENG-A: ਇੰਗਲੈਂਡ-ਏ ਖਿਲਾਫ਼ ਦੂਜੇ ਟੈਸਟ ‘ਚ ਕੇਐਲ ਰਾਹੁਲ ਨੇ ਜੜਿਆ ਅਰਧ ਸੈਂਕੜਾ