PPSC

ਪੰਜਾਬ ਦੇ ਰਾਜਪਾਲ ਨੇ PPSC ਦੇ ਨਵ-ਨਿਯੁਕਤ ਚੇਅਰਮੈਨ ਨੂੰ ਚੁਕਾਈ ਸਹੁੰ, CM ਭਗਵੰਤ ਮਾਨ ਰਹੇ ਮੌਜੂਦ

ਚੰਡੀਗੜ੍ਹ, 07 ਮਈ 2025: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC ) ਦੇ ਨਵ-ਨਿਯੁਕਤ ਚੇਅਰਮੈਨ ਮੇਜਰ ਜਨਰਲ (ਸੇਵਾਮੁਕਤ) ਵਿਨਾਇਕ ਸੈਣੀ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਰਹੇ |

ਇਸ ਦੌਰਾਨ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਪੰਜਾਬ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ। ਮੁੱਖ ਮੰਤਰੀ ਭਗਵੰਤ ਮਾਨ ਨਵੇਂ ਪੀਪੀਐਸਸੀ (PPSC) ਚੇਅਰਮੈਨ ਨੂੰ ਵਧਾਈ ਦਿੰਦੇ ਹੋਏ ਪਾਰਦਰਸ਼ੀ ਢੰਗ ਨਾਲ ਵੱਖ-ਵੱਖ ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਪੀਪੀਐਸਸੀ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਹੈ।

ਮੇਜਰ ਜਨਰਲ (ਸੇਵਾਮੁਕਤ) ਵਿਨਾਇਕ ਸੈਣੀ, ਦਸੰਬਰ 1987 ‘ਚ ਕੋਰ ਆਫ਼ ਇੰਜਨੀਅਰਜ਼ ‘ਚ ਕਮਿਸ਼ਨ ਪ੍ਰਾਪਤ ਹਨ ਅਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਵਰਤਮਾਨ ‘ਚ ਮੋਹਾਲੀ ‘ਚ ਰਹਿੰਦੇ ਹਨ। ਉਹ ਪਿਛਲੇ ਸਾਲ ਅਕਤੂਬਰ ‘ਚ ਭਾਰਤੀ ਫੌਜ ਤੋਂ ਸੇਵਾਮੁਕਤ ਹੋਏ ਸਨ। ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਰਾਜਪਾਲ ਦੇ ਪ੍ਰਮੁੱਖ ਸਕੱਤਰ ਵੀ.ਪੀ. ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਹੋਰ ਪਤਵੰਤੇ ਹਾਜ਼ਰ ਸਨ।

Scroll to Top