ਚੰਡੀਗੜ੍ਹ, 03 ਅਪ੍ਰੈਲ 2025: ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ (SC Commission) ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਦਖਲ ਦੇਣ ਕਾਰਨ ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀ ਦੇ ਪਿਓ ਖ਼ਿਲਾਫ ਦਰਜ ਚੈੱਕ ਬਾਊਂਸ ਕੇਸ ਵਾਪਸ ਲੈ ਲਿਆ ਹੈ।
ਇਸ ਸਬੰਧੀ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਰਾਮਜੀਤ ਸਿੰਘ ਪੁੱਤਰ ਬਲਵਿੰਦਰ ਕੁਮਾਰ ਵਾਸੀ ਜਨਤਾ ਨਗਰ, ਧੂਰੀ ਨੇ 25 ਮਾਰਚ 2025 ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਗੁਰੂਕੁਲ ਵਿਦਿਆ ਪੀਠ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਨੂੰੜ ‘ਚ ਬੀ.ਟੈਕ ਸਿਵਲ ਇੰਜੀਨੀਅਰਿੰਗ ਲਈ ਦਾਖਲਾ ਲਿਆ ਸੀ। ਉਹ ਤੀਜੇ ਸਮੈਸਟਰ ਤੱਕ ਰੈਗੂਲਰ ਰਿਹਾ, ਪਰ ਉਸਦੇ ਪਿਤਾ ਦੇ ਆਪ੍ਰੇਸ਼ਨ ਕਾਰਨ, ਉਹ ਚੌਥੇ ਸਮੈਸਟਰ ਦੀ ਰੈਗੂਲਰ ਪ੍ਰੀਖਿਆ ‘ਚ ਸ਼ਾਮਲ ਨਹੀਂ ਹੋ ਸਕਿਆ।
ਕਾਲਜ ਪ੍ਰਬੰਧਨ ਨੇ ਉਸਨੂੰ ਚੌਥੇ ਸਮੈਸਟਰ ‘ਚ ਗੈਰ-ਹਾਜ਼ਰੀ ਬਾਰੇ ਕੋਈ ਨੋਟਿਸ ਨਹੀਂ ਦਿੱਤਾ ਗਿਆ ਸੀ, ਪਰ ਫਿਰ ਵੀ ਕਾਲਜ ਰਾਮਜੀਤ ਸਿੰਘ ਤੋਂ 2018 ਤੱਕ (ਭਾਵ 8ਵੇਂ ਸਮੈਸਟਰ ਤੱਕ) ਫੀਸ ਵਸੂਲਦਾ ਰਿਹਾ। ਇਸ ਤੋਂ ਬਾਅਦ ਰਾਮਜੀਤ ਸਿੰਘ 2022 ‘ਚ ਕਈ ਵਾਰ ਆਪਣੇ ਦਸਤਾਵੇਜ਼ ਲੈਣ ਲਈ ਕਾਲਜ ਗਿਆ ਪਰ ਉਸਨੂੰ ਦਸਤਾਵੇਜ਼ ਨਹੀਂ ਦਿੱਤੇ ਗਏ।
ਜਦੋਂ ਉਹ ਆਪਣੇ ਦਸਤਾਵੇਜ਼ ਲੈਣ ਲਈ ਗੁਰੂਕੁਲ ਦੇ ਡਾਇਰੈਕਟਰ ਮਨਮੋਹਨ ਗਰਗ ਨੂੰ ਮਿਲਿਆ, ਤਾਂ ਉਨ੍ਹਾਂ ਨੇ ਰਮਨਜੀਤ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਉਸਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ, ਕਾਲਜ ਪ੍ਰਬੰਧਨ ਨੇ ਰਮਨਜੀਤ ਦੇ ਪਿਤਾ ਵੱਲੋਂ ਗਰੰਟੀ ਵਜੋਂ ਦਿੱਤੇ ਚੈੱਕ ਦੀ ਵਰਤੋਂ ਕਰਦੇ ਹੋਏ ਅਦਾਲਤ ਵਿੱਚ ਚੈੱਕ ਬਾਊਂਸ ਦਾ ਕੇਸ ਦਾਇਰ ਕਰ ਦਿੱਤਾ। ਅਦਾਲਤੀ ਕਾਰਵਾਈ ਸ਼ੁਰੂ ਹੋਈ, ਜਿਸ ਦੇ ਫੈਸਲੇ ਦੀ ਅੰਦਾਜ਼ਨ ਮਿਤੀ 2 ਅਪ੍ਰੈਲ, 2025 ਸੀ। ਇਸ ਸਬੰਧ ‘ਚ ਰਾਮਜੀਤ ਸਿੰਘ ਨੇ ਕਮਿਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਸੀ।
ਕਮਿਸ਼ਨ (SC Commission) ਵੱਲੋਂ ਕਾਲਜ ਪ੍ਰਬੰਧਕਾਂ ਨੂੰ 1 ਅਪ੍ਰੈਲ, 2025 ਨੂੰ ਤਲਬ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਰਮਨਜੀਤ ਸਿੰਘ ਦੇ ਪਿਤਾ ਵਿਰੁੱਧ ਦਰਜ ਚੈੱਕ ਬਾਊਂਸ ਕੇਸ ਵਾਪਸ ਲੈਣ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਾਲਜ ਪ੍ਰਬੰਧਨ ਨੇ ਅੱਜ ਅਦਾਲਤ ਨੂੰ ਲਿਖਤੀ ਬੇਨਤੀ ਕਰਕੇ ਕੇਸ ਵਾਪਸ ਲੈ ਲਿਆ, ਜਿਸ ਨਾਲ ਐਸਸੀ ਪਰਿਵਾਰ ਅਤੇ ਵਿਦਿਆਰਥੀ ਦਾ ਭਵਿੱਖ ਸੁਰੱਖਿਅਤ ਹੋ ਗਿਆ।
Read More: ਜਸਵੀਰ ਸਿੰਘ ਗੜ੍ਹੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਸੰਬੰਧੀ DGP ਨੂੰ ਲਿਖੀ ਚਿੱਠੀ