ਸਾਲ 2024 ਦੌਰਾਨ 160338 ਬਿਨੈਕਾਰਾਂ ਨੂੰ ਜ਼ਮੀਨੀ ਰਿਕਾਰਡ ਦੇ 9 ਲੱਖ 79 ਹਜਾਰ 234 ਪੰਨੇ ਮੁਹੱਈਆ ਕਰਵਾਏ

*ਜ਼ਿਲ੍ਹਾ ਫਾਜ਼ਿਲਕਾ ਅੰਦਰ ਚੱਲ ਰਹੇ ਹਨ 6 ਫਰਦ ਕੇਂਦਰ – ਡਿਪਟੀ ਕਮਿਸ਼ਨਰ*

ਫ਼ਾਜ਼ਿਲਕਾ, 12 ਜਨਵਰੀ: ਜ਼ਿਲ੍ਹਾ ਫ਼ਾਜਿਲਕਾ ਵਿਖੇ ਵੱਖ-ਵੱਖ ਤਹਿਸੀਲ ਪੱਧਰ ’ਤੇ ਸਥਾਪਿਤ 6 ਫਰਦ ਕੇਂਦਰ ਲੋਕਾਂ ਨੂੰ ਜਮੀਨੀ ਰਿਕਾਰਡ ਦੀ ਨਕਲ ਮੁਹੱਈਆ ਕਰਵਾਉਣ ਵਿਚ ਅਹਿਮ ਭੁਮਿਕਾ ਅਦਾ ਕਰ ਰਹੇ ਹਨ। 1 ਜਨਵਰੀ 2024 ਤੋਂ 31 ਦਸੰਬਰ 2024 ਤੱਕ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 160338 ਬਿਨੈਕਾਰਾਂ ਨੂੰ ਉਨ੍ਹਾਂ ਦੀਆਂ ਜ਼ਮੀਨ ਦੇ ਰਿਕਾਰਡ ਦੀਆਂ ਨਕਲਾਂ ਦੇ 9 ਲੱਖ 79 ਹਜਾਰ 234 ਪੰਨੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਨਕਲਾਂ ਦੇ ਪੰਨਿਆਂ ਤੋਂ 2 ਕਰੋੜ 44 ਲੱਖ 80 ਹਜਾਰ 850 ਰੁਪਏ ਦੀ ਸਰਕਾਰ ਨੂੰ ਆਮਦਨ ਹੋ ਚੁੱਕੀ ਹੈ। ਇਹ ਜਾਣਕਾਰੀ ਜ਼ਿਲ੍ਹਾ ਸਿਸਟਮ ਮੈਨੇਜਰ ਸ੍ਰੀ ਅਸ਼ਵਨੀ ਕੁਮਾਰ ਨੇ ਦਿੱਤੀ।

ਜ਼ਿਲ੍ਹਾ ਸਿਸਟਮ ਮੈਨੇਜਰ ਨੇ ਦੱਸਿਆ ਕਿ ਇਨ੍ਹਾਂ ਫਰਦ ਕੇਂਦਰਾਂ ਵਿਖੇ ਲੋਕਾਂ ਦੇ ਕੀਮਤੀ ਸਮੇਂ ਦੀ ਬਚਤ ਹੋ ਜਾਂਦੀ ਹੈ ਉਥੇ ਹੀ ਪਾਰਦਰਸ਼ੀ ਢੰਗ ਨਾਲ ਜਮੀਨੀ ਰਿਕਾਰਡ ਦੀ ਕਾਪੀ ਹਾਸਲ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵੈਬਸਾਈਟ www.plrs.org.in ਅਤੇ revenue.punjab.gov.in ’ਤੇ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਦਾ ਰਿਕਾਰਡ ਆਨਲਾਈਨ ਵੇਖ ਸਕਦਾ ਹੈ ਅਤੇ ਇਸ ਦਾ ਪਿ੍ਰੰਟ ਆਊਟ ਵੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਪ੍ਰਦਾਨ ਕੀਤੀ ਗਈ ਹੈ ਕਿ ਕੋਈ ਵੀ ਵਿਅਕਤੀ ਸੂਬੇ ਵਿਚੋਂ ਕਿਸੇ ਵੀ ਫਰਦ ਕੇਂਦਰ ਤੋਂ ਆਪਣੀ ਜਮੀਨ ਦੀ ਫਰਦ ਕਢਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਮਾਲਕਾਂ ਲਈ ਵੈਬਸਾਈਟ revenue.punjab.gov.in ਰਾਹੀਂ ਅਪਲਾਈ ਕਰਕੇ ਜ਼ਮੀਨ ਦਾ ਰਿਕਾਰਡ ਡਾਕ ਰਾਹੀਂ ਜਾਂ ਈ.ਮੇਲ ਰਾਹੀਂ ਘਰ ਮੰਗਵਾਉਣ ਦੀ ਸੁਵਿਧਾ ਵੀ ਸ਼ੁਰੂ ਕੀਤੀ ਗਈ ਹੈ।

ਸ੍ਰੀ ਅਸ਼ਵਨੀ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਦੇ ਜਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਫਰਦ ਕੇਂਦਰਾਂ ਵਿਖੇ ਕੇਵਲ 10 ਤੋਂ 15 ਮਿੰਟਾਂ ਦਾ ਸਮਾਂ ਹੀ ਲੱਗਦਾ ਹੈ, ਜਿਥੇ ਕੇਵਲ 25 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਅਦਾ ਕਰਕੇ ਜਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਪ੍ਰਾਪਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫਰਦ ਕੇਂਦਰ ਫ਼ਾਜ਼ਿਲਕਾ ਵਿਖੇ ਉਕਤ ਸਮੇਂ ਦੌਰਾਨ 45 ਹਜਾਰ 275 ਜਮੀਨ ਮਾਲਕਾਂ ਨੂੰ 2 ਲੱਖ 62 ਹਜਾਰ 567 ਪੰਨੇ ਦੀਆਂ ਨਕਲਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਅਬੋਹਰ ਵਿਖੇ 40 ਹਜਾਰ 745 ਲੋਕਾਂ ਨੂੰ 2 ਲੱਖ 57 ਹਜਾਰ 476 ਪੰਨੇ ਦੀਆਂ ਨਕਲਾਂ ਦਿੱਤੀਆਂ ਹਨ।

ਇਸ ਤੋਂ ਇਲਾਵਾ ਜਲਾਲਾਬਾਦ ਵਿਖੇ 36 ਹਜਾਰ 96 ਵਿਅਕਤੀਆਂ ਨੂੰ 2 ਲੱਖ 6 ਹਜਾਰ 513 ਪੰਨੇ ਨਕਲਾਂ ਮੁਹੱਈਆਂ ਕਰਵਾਈਆਂ। ਅਰਨੀਵਾਲਾ ਵਿਖੇ 17 ਹਜਾਰ 878 ਲੋਕਾਂ ਨੂੰ 1 ਲੱਖ 20 ਹਜਾਰ 94 ਪੰਨੇ ਨਕਲਾਂ ਦਿੱਤੀਆਂ ਗਈਆਂ। ਖੂਈਆਂ ਸਰਵਰ ਵਿਖੇ 12 ਹਜਾਰ 61 ਬਿਨੈਕਾਰਾਂ ਨੂੰ 77 ਹਜਾਰ 843 ਪੰਨੇ ਨਕਲਾਂ ਮੁਹੱਈਆਂ ਕਰਵਾਈਆਂ ਅਤੇ ਸੀਤੋ ਗੁੰਨੋ ਫਰਦ ਕੇਂਦਰ ਵਿਖੇ 8 ਹਜਾਰ 283 ਲੋਕਾਂ ਨੂੰ 54 ਹਜਾਰ 741 ਪੰਨੇ ਨਕਲਾਂ ਦਿੱਤੀਆਂ ਗਈਆਂ।

read more: ਨਵੇਂ ਸਾਲ ਤੇ ਔਰਤਾਂ ਨੂੰ ਮਿਲੇਗਾ ਤੋਹਫ਼ਾ, ਪੰਜਾਬ ਸਰਕਾਰ ਨੇ ਲਿਆ ਫੈਸਲਾ

Scroll to Top