ਹੈਨਲੇ ਪਾਸਪੋਰਟ ਇੰਡੈਕਸ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਕੀਤੀ ਜਾਰੀ

9 ਜਨਵਰੀ 2025: ਹੈਨਲੇ ਪਾਸਪੋਰਟ ਇੰਡੈਕਸ ਨੇ 2025 ਲਈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਰੈਂਕਿੰਗ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (IATA) ਦੇ ਅੰਕੜਿਆਂ ‘ਤੇ ਆਧਾਰਿਤ ਹੈ। ਜੋ ਦੱਸਦਾ ਹੈ ਕਿ ਇੱਕ ਦੇਸ਼ ਦਾ ਪਾਸਪੋਰਟ ਕਿੰਨੇ ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਲਈ ਪਹੁੰਚ ਪ੍ਰਦਾਨ ਕਰਦਾ ਹੈ। ਇਸ ਸਾਲ ਦੀ ਸੂਚੀ ‘ਚ ਸਿੰਗਾਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਭਾਰਤ ਦੀ ਰੈਂਕਿੰਗ ‘ਚ ਗਿਰਾਵਟ ਆਈ ਹੈ।

ਭਾਰਤ ਦੀ ਸਥਿਤੀ
ਭਾਰਤ ਇਸ ਸਾਲ ਪੰਜ ਸਥਾਨ ਡਿੱਗ ਕੇ 85ਵੇਂ ਸਥਾਨ ‘ਤੇ ਆ ਗਿਆ ਹੈ। ਭਾਰਤੀ ਪਾਸਪੋਰਟ 57 ਦੇਸ਼ਾਂ ਦੀ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦਿੰਦੇ ਹਨ, ਜਦਕਿ ਪਿਛਲੇ ਸਾਲ ਭਾਰਤ 80ਵੇਂ ਸਥਾਨ ‘ਤੇ ਸੀ।

ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ
2025 ਦੀ ਰੈਂਕਿੰਗ ‘ਚ ਸਿੰਗਾਪੁਰ ਪਹਿਲੇ ਸਥਾਨ ‘ਤੇ ਹੈ। ਸਿੰਗਾਪੁਰ ਦੇ ਪਾਸਪੋਰਟ ਧਾਰਕ 195 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। ਇਸ ਤੋਂ ਬਾਅਦ ਜਾਪਾਨ ਦੂਜੇ ਸਥਾਨ ‘ਤੇ ਹੈ, ਜਿਸ ਦਾ ਪਾਸਪੋਰਟ 193 ਦੇਸ਼ਾਂ ਨੂੰ ਵੀਜ਼ਾ ਮੁਕਤ ਦਾਖਲਾ ਪ੍ਰਦਾਨ ਕਰਦਾ ਹੈ। ਫਰਾਂਸ, ਜਰਮਨੀ, ਇਟਲੀ ਅਤੇ ਸਪੇਨ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਹਨ, ਜਿਨ੍ਹਾਂ ਦੇ ਪਾਸਪੋਰਟ ਧਾਰਕ 192 ਦੇਸ਼ਾਂ ਦੀ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ।

ਆਸਟਰੀਆ, ਡੈਨਮਾਰਕ, ਆਇਰਲੈਂਡ, ਨੀਦਰਲੈਂਡ, ਨਾਰਵੇ, ਸਵੀਡਨ ਅਤੇ ਲਕਸਮਬਰਗ ਚੌਥੇ ਸਥਾਨ ‘ਤੇ ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕ 191 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। ਪੰਜਵੇਂ ਸਥਾਨ ‘ਤੇ ਬੈਲਜੀਅਮ, ਪੁਰਤਗਾਲ, ਬ੍ਰਿਟੇਨ, ਸਵਿਟਜ਼ਰਲੈਂਡ ਅਤੇ ਨਿਊਜ਼ੀਲੈਂਡ ਹਨ, ਜਿਨ੍ਹਾਂ ਦੇ ਪਾਸਪੋਰਟ 190 ਦੇਸ਼ਾਂ ਨੂੰ ਵੀਜ਼ਾ-ਮੁਕਤ ਪਹੁੰਚ ਪ੍ਰਦਾਨ ਕਰਦੇ ਹਨ।

ਅਮਰੀਕਾ ਦੀ ਦਰਜਾਬੰਦੀ
ਅਮਰੀਕੀ ਪਾਸਪੋਰਟ ਇਸ ਵਾਰ 9ਵੇਂ ਸਥਾਨ ‘ਤੇ ਹੈ। ਅਮਰੀਕੀ ਨਾਗਰਿਕ 186 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ।

ਸਭ ਤੋਂ ਕਮਜ਼ੋਰ ਪਾਸਪੋਰਟ
ਸਭ ਤੋਂ ਕਮਜ਼ੋਰ ਪਾਸਪੋਰਟਾਂ ਦੀ ਸੂਚੀ ਵਿੱਚ ਅਫਗਾਨਿਸਤਾਨ ਸਭ ਤੋਂ ਹੇਠਲੇ (106ਵੇਂ ਸਥਾਨ) ‘ਤੇ ਹੈ। ਇਸ ਤੋਂ ਬਾਅਦ ਕ੍ਰਮਵਾਰ ਸੀਰੀਆ (105), ਇਰਾਕ (104), ਪਾਕਿਸਤਾਨ ਅਤੇ ਯਮਨ (103), ਸੋਮਾਲੀਆ (102) ਅਤੇ ਨੇਪਾਲ (101) ਹਨ। ਇਨ੍ਹਾਂ ਦੇਸ਼ਾਂ ਦੀ ਕਮਜ਼ੋਰ ਸਥਿਤੀ ਯੁੱਧ, ਅੱਤਵਾਦ, ਗਰੀਬੀ ਅਤੇ ਅਸਥਿਰਤਾ ਨਾਲ ਜੁੜੀ ਹੋਈ ਹੈ।

ਹੈਨਲੇ ਪਾਸਪੋਰਟ ਸੂਚਕਾਂਕ ਵਿਸ਼ਵ ਪੱਧਰ ‘ਤੇ ਯਾਤਰਾ ਦੀ ਆਜ਼ਾਦੀ ਨੂੰ ਮਾਪਦਾ ਹੈ ਅਤੇ ਸੂਚੀ ਇਸ ਗੱਲ ਦਾ ਸੰਕੇਤ ਪ੍ਰਦਾਨ ਕਰਦੀ ਹੈ ਕਿ ਪਾਸਪੋਰਟ ਦੀ ਤਾਕਤ ਗਲੋਬਲ ਕੂਟਨੀਤੀ ਅਤੇ ਸਥਿਰਤਾ ਦੁਆਰਾ ਕਿੰਨੀ ਪ੍ਰਭਾਵਿਤ ਹੁੰਦੀ ਹੈ।

read more: 

Scroll to Top