Vladimir Putin

India-Russia: ਭਾਰਤ ਦੌਰੇ ‘ਤੇ ਆਉਣਗੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, PM ਮੋਦੀ ਨੇ ਦਿੱਤਾ ਸੱਦਾ

ਚੰਡੀਗੜ੍ਹ, 02 ਦਸੰਬਰ 2024: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਭਾਰਤ ਆਉਣਗੇ | ਰੂਸ ਦੇ ਰਾਸ਼ਟਰਪਤੀ ਅਗਲੇ ਸਾਲ ਦੀ ਸ਼ੁਰੂਆਤ ‘ਚ ਭਾਰਤ ਦਾ ਦੌਰਾ ਕਰਨਗੇ। ਰੂਸੀ ਦੂਤਘਰ ਨੇ ਪੁਤਿਨ ਦੇ ਭਾਰਤ ਦੌਰੇ ਦੀ ਜਾਣਕਾਰੀ ਦਿੱਤੀ ਹੈ। ਫਿਲਹਾਲ ਪੁਤਿਨ ਦੇ ਇਸ ਦੌਰੇ ਦੀ ਤਾਰੀਖ਼ ਤੈਅ ਨਹੀਂ ਹੋਈ ਹੈ |

ਇਸ ਸੰਬੰਧੀ ਕ੍ਰੇਮਲਿਨ ਦੇ ਬੁਲਾਰੇ ਯੂਰੀ ਉਸ਼ਾਕੋਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਸਾਡੇ ਆਗੂਆਂ ਦਾ ਸਾਲ ‘ਚ ਇਕ ਵਾਰ ਮਿਲਣ ਦਾ ਸਮਝੌਤਾ ਹੋਇਆ ਹੈ, ਇਸ ਵਾਰ ਸਾਡੀ ਵਾਰੀ ਹੈ। ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਦਾ ਮਿਲਿਆ ਹੈ ਅਤੇ ਅਸੀਂ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਅਗਲੇ ਸਾਲ ਦੇ ਸ਼ੁਰੂ ‘ਚ ਇੱਕ ਤਾਰੀਖ਼ ਤੈਅ ਕੀਤੀ ਜਾ ਸਕਦੀ ਹੈ।

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਵਲਾਦੀਮੀਰ ਪੁਤਿਨ (Vladimir Putin) ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਇਸ ਕਾਰਨ ਪੁਤਿਨ ਦਾ ਦੌਰਾ ਬਹੁਤ ਮਹੱਤਵਪੂਰਨ ਹੈ, ਖਾਸ ਤੌਰ ‘ਤੇ ਜਦੋਂ ਭਾਰਤ ਨੇ ਰੂਸ-ਯੂਕਰੇਨ ਜੰਗ ਨੂੰ ਰੋਕਣ ਦੀ ਅਪੀਲ ਕੀਤੀ ਹੈ। ਰੂਸ ਅਤੇ ਭਾਰਤ ਵਿਚਾਲੇ ਇਸ ਦੇ ਸਿਖਰਲੇ ਆਗੂਆਂ ਲਈ ਹਰ ਸਾਲ ਇਕ ਦੂਜੇ ਦੇ ਦੇਸ਼ ਦਾ ਦੌਰਾ ਕਰਨ ਦਾ ਸਮਝੌਤਾ ਹੁੰਦਾ ਹੈ।

ਦੋ ਹਫ਼ਤੇ ਪਹਿਲਾਂ ਕ੍ਰੇਮਲਿਨ ਦੇ ਪ੍ਰੈੱਸ ਸਕੱਤਰ ਦਮਿਤਰੀ ਪੇਸਕੋਵ ਨੇ ਵੀ ਪੁਤਿਨ ਦੇ ਭਾਰਤ ਦੌਰੇ ਬਾਰੇ ਜਾਣਕਾਰੀ ਦਿੱਤੀ ਸੀ। ਪੇਸਕੋਵ ਨੇ ਕਿਹਾ ਕਿ ਇਸ ਸਾਲ ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਦੋ ਵਾਰ ਮੇਜ਼ਬਾਨੀ ਕੀਤੀ ਅਤੇ ਛੇਤੀਹੀ ਅਸੀਂ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਦੀ ਤਾਰੀਖ਼ ਤੈਅ ਕਰਾਂਗੇ।

ਇਸ ਤੋਂ ਪਹਿਲਾਂ ਜੁਲਾਈ ‘ਚ ਪੀਐਮ ਮੋਦੀ ਨੇ ਰੂਸ ਦਾ ਦੌਰਾ ਕੀਤਾ ਸੀ ਅਤੇ 22ਵੀਂ ਰੂਸ-ਭਾਰਤ ਕਾਨਫਰੰਸ ‘ਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਪੀਐਮ ਮੋਦੀ ਨੇ ਕਜ਼ਾਨ ‘ਚ ਕਰਵਾਏ ਬ੍ਰਿਕਸ ਸੰਮੇਲਨ ‘ਚ ਵੀ ਸ਼ਿਰਕਤ ਕੀਤੀ। ਜਿਕਰਯੋਗ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਅਗਲੇ ਸਾਲ ਕਵਾਡ ਕਾਨਫਰੰਸ ‘ਚ ਹਿੱਸਾ ਲੈਣ ਲਈ ਭਾਰਤ ਆਉਣਗੇ।

 

Scroll to Top