ਚੰਡੀਗੜ੍ਹ, 21 ਸਤੰਬਰ 2024: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਘਰਵਾਲੀ ਮਧੂਮਿਤਾ ਦੇ ਦੁਖਦਾਇਕ ਅਤੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਮਧੂਮਿਤਾ ਦੀ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਮਧੂਮਿਤਾ 53 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਘਰਵਾਲੇ ਅਤੇ ਦੋ ਧੀਆਂ ਛੱਡ ਗਏ ਹਨ ।
ਮੁੱਖ ਮੰਤਰੀ ਮਾਨ (CM Bhagwant Mann) ਨੇ ਇੱਕ ਸ਼ੋਕ ਸੰਦੇਸ਼ ‘ਚ ਕਿਹਾ ਕਿ ਉਨ੍ਹਾਂ ਨੂੰ ਮਧੂਮਿਤਾ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ ਉਹ ਆਪਣੇ ਪਰਿਵਾਰ ਦੀ ਤਾਕਤ ਅਤੇ ਆਪਣੇ ਘਰਵਾਲੇ ਦੀ ਸਫਲਤਾ ਲਈ ਪ੍ਰੇਰਨਾ ਸਰੋਤ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਜ ਲਈ ਅਤੇ ਖਾਸ ਕਰਕੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਮਧੂਮਿਤਾ ਇਕ ਪਵਿੱਤਰ ਰੂਹ ਸਨ, ਜਿਨ੍ਹਾਂ ਨੇ ਆਪਣੇ ਘਰਵਾਲੇ ਕੁੰਵਰ ਵਿਜੇ ਪ੍ਰਤਾਪ ਨੂੰ ਬਤੌਰ ਪੁਲਿਸ ਅਧਿਕਾਰੀ ਅਤੇ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਮਾਨਵਤਾ ਦੀ ਮਿਸਾਲੀ ਸੇਵਾ ਕਰਨ ਲਈ ਪੂਰਨ ਸਹਿਯੋਗ ਦਿੱਤਾ।
ਮੁੱਖ ਮੰਤਰੀ ਮਾਨ ਨੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਦੇ ਮੈਂਬਰਾਂ ਤੇ ਸਾਕ-ਸਨੇਹੀਆਂ ਨੂੰ ਦੁੱਖ ਦੀ ਇਸ ਘੜੀ ‘ਚ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ।