Vigilance Bureau

Vigilance: ਪਟਵਾਰੀ ਨੇ ਜ਼ਮੀਨ ਦੇ ਇੰਤਕਾਲ ਬਦਲੇ ਮੰਗੀ ਰਿਸ਼ਵਤ, ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ

ਚੰਡੀਗੜ, 20 ਸਤੰਬਰ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਪੰਜਾਬ ‘ਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ | ਇਸਦੇ ਤਹਿਤ ਅੱਜ ਵਿਜੀਲੈਂਸ ਬਿਊਰੋ ਇੱਕ ਪਟਵਾਰੀ ਨੂੰ 25000 ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਪਟਵਾਰੀ ਅਨਿਲ ਨਰੂਲਾ ਮਾਲ ਹਲਕਾ ਪਿੰਡ ਜੱਸੀਆਂ (ਲੁਧਿਆਣਾ) ਵਿਖੇ ਤਾਇਨਾਤ ਹੈ |

ਇਸ ਮਾਮਲੇ ਸੰਬੰਧੀ ਵਿਜੀਲੈਂਸ (Vigilance Bureau) ਨੇ ਦੱਸਿਆ ਕਿ ਨਿਊ ਅਮਰ ਨਗਰ, ਲੁਧਿਆਣਾ ਦੇ ਵਾਸੀ ਮੇਜਰ ਸਿੰਘ ਦੀ ਸ਼ਿਕਾਇਤ ‘ਤੇ ਉਕਤ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ | ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ‘ਚ ਉਕਤ ਪਟਵਾਰੀ ‘ਤੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਨੇ ਉਸਦੀ ਜੱਦੀ ਜ਼ਮੀਨ ਦੇ ਇੰਤਕਾਲ ਦਾ 25 ਸਾਲਾਂ ਦਾ ਮਾਲ ਰਿਕਾਰਡ ਦੇਣ ਬਦਲੇ 25 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।

ਸ਼ਿਕਾਇਤਕਰਤਾ ਦੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਆਰਥਿਕ ਅਪਰਾਧ ਸ਼ਾਖਾ (EOW) ਲੁਧਿਆਣਾ ਯੂਨਿਟ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਸ਼ਿਕਾਇਤਕਰਤਾ ਤੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।

ਵਿਜੀਲੈਂਸ ਮੁਤਾਬਕ ਉਕਤ ਪਟਵਾਰੀ ਖ਼ਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਈ.ਓ.ਡਬਲਿਊ. ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਉਕਤ ਮੁਲਜ਼ਮ ਨੂੰ ਭਲਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।

Scroll to Top