ਚੰਡੀਗੜ੍ਹ, 16 ਸਤੰਬਰ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ (Gujarat) ਦੇ ਅਹਿਮਦਾਬਾਦ ‘ਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਹੈ। ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 8,000 ਕਰੋੜ ਰੁਪਏ ਤੋਂ ਵੱਧ ਹੈ। ਪੀਐਮ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐਮਏਵਾਈ) ਦੇ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲਾਭਪਾਤਰੀਆਂ ਨੂੰ ਉਹ ਮਕਾਨ ਸੌਂਪੇ, ਜਿਨ੍ਹਾਂ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ (PMAY-G) ਦੇ ਤਹਿਤ 30 ਹਜ਼ਾਰ ਤੋਂ ਵੱਧ ਨਵੇਂ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਅਤੇ ਇਸਦੀ ਪਹਿਲੀ ਕਿਸ਼ਤ ਜਾਰੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਭੁਜ ਤੋਂ ਅਹਿਮਦਾਬਾਦ ਤੱਕ ਦੇਸ਼ ਦੀ ਪਹਿਲੀ ਵੰਦੇ ਮੈਟਰੋ ਨੂੰ ਹਰੀ ਝੰਡੀ ਦਿਖਾਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾਂ ਦੌਰਾਨ ਮੇਰੇ ਵੱਲੋਂ ਦੇਸ਼ ਨੂੰ 3 ਕਰੋੜ ਨਵੇਂ ਘਰ ਬਣਾਉਣ ਦੀ ਗਰੰਟੀ ਦਿੱਤੀ ਸੀ, ਇਸ ਗਾਰੰਟੀ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪਿੰਡ ਹੋਵੇ ਜਾਂ ਸ਼ਹਿਰ, ਅਸੀਂ ਸਾਰਿਆਂ ਲਈ ਬਿਹਤਰ ਜ਼ਿੰਦਗੀ ਦਾ ਪ੍ਰਬੰਧ ਕਰਨ ਵਿਚ ਰੁੱਝੇ ਹੋਏ ਹਾਂ।