ਗੁਰਦਾਸਪੁਰ , 13 ਅਗਸਤ 2024: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰੂਪੋਵਾਲੀ ਦੇ 22 ਸਾਲਾ ਨੌਜਵਾਨ ਦੀ ਦੁਬਈ (Dubai) ‘ਚ ਕਰੇਨ ਦਾ ਬੂਮ ਟੁੱਟਣ ਨਾਲ ਵਾਪਰੇ ਹਾਦਸੇ ‘ਚ ਜਾਨ ਚਲੀ ਗਈ | ਪੁੱਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ | ਇਸਦੇ ਨਾਲ ਹੀ ਇਲਾਕੇ ‘ਚ ਸੋਗ ਦੀ ਲਹਿਰ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 22 ਸਾਲਾ ਨੌਜਵਾਨ ਜਾਰਜ ਮਸੀਹ ਪੁੱਤ ਬਲਕਾਰ ਮਸੀਹ, ਪਿੰਡ ਰੂਪੋਵਾਲੀ ਚੰਗੇ ਭਵਿੱਖ ਅਤੇ ਰੋਜ਼ੀ- ਰੋਟੀ ਕਮਾਉਣ ਲਈ ਕਰੀਬ ਪੌਣੇ ਦੋ ਸਾਲ ਪਹਿਲਾਂ ਦੁਬਈ ਦੀ ਟੈਗ ਕੰਪਨੀ ‘ਚ ਹੈਲਪਰ ਵੀਜ਼ੇ ‘ਤੇ ਗਿਆ ਸੀ |
ਬੀਤੇ ਕੱਲ੍ਹ ਪਰਿਵਾਰਿਕ ਮੈਂਬਰਾਂ ਨੂੰ ਦੁਬਈ (Dubai) ‘ਚੋਂ ਉਨ੍ਹਾਂ ਦੇ ਨਾਂਲ ਕੰਮ ਕਰਦੇ ਨੌਜਵਾਨਾਂ ਦਾ ਫੋਨ ਆਇਆ ਕਿ ਜਰਜ ਮਸੀਹ ਦੀ ਮੋਬਾਇਲ ਕਰੇਨ ਦਾ ਬੂਮ ਟੁੱਟਣ ਦੇ ਨਾਲ ਉਸ ਦੇ ਥੱਲੇ ਆ ਕੇ ਗੰਭੀਰ ਜ਼ਖਮੀ ਹੋ ਗਿਆ ਹੈ | ਜਿਸ ਨੂੰ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਨੇ ਹਸਪਤਾਲ ਲਿਆਂਦਾ ਹੈ, ਇਸ ਦੌਰਾਨ ਪੰਜਾਬੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ |
ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਲਿਆਉਣ ‘ਚ ਮੱਦਦ ਕੀਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਾਰਜ ਮਸੀਹ ਦੀਆਂ ਦੋ ਭੈਣਾਂ, ਦੋ ਭਰਾ ਅਤੇ ਬਜ਼ੁਰਗ ਮਾਤਾ-ਪਿਤਾ ਦਾ ਸਹਾਰਾ ਸੀ | ਪਰਿਵਾਰ ਦਾ ਗੁਜ਼ਾਰਾ ਉਸ ਦੇ ਸਿਰ ‘ਤੇ ਹੀ ਚੱਲਦਾ ਸੀ |