ਕਿਸਾਨ ਅੰਦੋਲਨ

ਕਿਸਾਨ ਅੰਦੋਲਨ 2024: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਦਿੱਤੇ ਆਗਾਮੀ ਪ੍ਰੋਗਰਾਮ

ਚੰਡੀਗੜ੍ਹ, 24 ਫਰਵਰੀ 2024: ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕੇਂਦਰ ਦੀ ਕੇਂਦਰ ਸਰਕਾਰ ਖ਼ਿਲਾਫ਼ 13 ਫਰਵਰੀ ਦੇ ਸ਼ੁਰੂ ਹੋਏ ਦਿੱਲੀ ਅੰਦੋਲਨ ਲਈ ਕੂਚ ਦੇ ਚੱਲਦੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਡਰ ‘ਤੇ ਲਗਾਤਾਰ ਸੰਘਰਸ਼ ਜਾਰੀ ਹੈ | ਇਸ ਦੌਰਾਨ ਦੋਵਾਂ ਫੋਰਮਾ ਨੇ ਖਨੌਰੀ ਬਾਡਰ ਤੋਂ 23 ਦੀ ਦੇਰ ਸ਼ਾਮ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਇਹਨਾਂ ਬਾਰਡਰਾਂ ‘ਤੇ ਆਉਂਦੇ ਦਿਨਾਂ ਵਿੱਚ ਸ਼ਹੀਦ ਸ਼ੁੱਭਕਰਨ ਸਿੰਘ ਅਤੇ ਤਿੰਨ ਹੋਰ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ 24 ਫਰਵਰੀ ਨੂੰ ਸ਼ਾਮ ਨੂੰ ਦੇਸ਼ ਭਰ ਵਿੱਚ ਕੈਂਡਲ ਮਾਰਚ ਕੱਢੇ ਜਾਣਗੇ।

ਓਹਨਾ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾਂ ਨੂੰ 25 ਫਰਵਰੀ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਬਲਯੂ.ਟੀ.ਓ ਦੀ ਕਾਨਫਰੰਸ ਕਰਕੇ ਜਾਗਰੂਕ ਕੀਤਾ ਜਾਵੇਗਾ | 26 ਫਰਵਰੀ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਜਾਣਗੇ ਅਤੇ ਸ਼ਾਮ 3 ਵਜੇ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਵੱਡੇ ਪੁਤਲੇ ਫੂਕੇ ਜਾਣਗੇ। ਓਹਨਾ ਦੱਸਿਆ ਕਿ 27 ਫਰਵਰੀ ਨੂੰ ਦੋਵੇਂ ਮੰਚਾਂ ਦੀਆਂ ਕੌਮੀ ਪੱਧਰ ਦੀਆਂ ਬੈਠਕਾਂ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਹੋਣਗੀਆਂ ਅਤੇ 28 ਫਰਵਰੀ ਨੂੰ ਦੋਵਾਂ ਮੰਚਾਂ ਦੀ ਸਾਂਝੀ ਬੈਠਕ ਕੀਤੀ ਜਾਵੇਗੀ, ਜਿਸ ਮਗਰੋਂ 29 ਫਰਵਰੀ ਨੂੰ ਅੰਦੋਲਨ ਦੇ ਆਉਣ ਵਾਲੇ ਵੱਡੇ ਫੈਸਲਿਆਂ ਦਾ ਐਲਾਨ ਕੀਤਾ ਜਾਵੇਗਾ।

ਓਹਨਾ ਕਿਹਾ ਕਿ ਅੰਦੋਲਨਕਾਰੀਆਂ ਨੇ ਹੁਣ ਤੱਕ ਬਹੁਤ ਹੀ ਹਲੀਮੀ ਅਤੇ ਸਬਰ ਨਾਲ ਸਰਕਾਰ ਦੇ ਜ਼ਬਰ ਦਾ ਮੁਕਾਬਲਾ ਕੀਤਾ ਹੈ ਅਤੇ ਓਹਨਾ ਕਿਹਾ ਕਿ ਸਾਡਾ ਸਾਫ ਕਹਿਣਾ ਹੈ ਕਿ ਦਿੱਲੀ ਜਾਣਾ ਸਾਡੀ ਅਣਖ ਦਾ ਸਵਾਲ ਨਹੀਂ ਅਗਰ ਸਰਕਾਰ ਸਾਰੀਆਂ ਮੰਗਾ ਮੰਨ ਲੈਦੀ ਹੈ ਤਾਂ ਅੰਦੋਲਨਕਾਰੀ ਵਾਪਸ ਚਲੇ ਜਾਣਗੇ ਪਰ ਮੰਗਾਂ ਮੰਨੇ ਬਿਨਾ ਦਿੱਲੀ ਕੂਚ ਦੀ ਕਾਲ ਵਾਪਸ ਨਹੀਂ ਹੋ ਸਕਦੀ। ਓਹਨਾ ਕਿਹਾ ਕਿ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਉਸਦੀ ਇਸ ਕਾਰਵਾਈ ਨੂੰ ਪੂਰੀ ਦੁਨੀਆ ਦੇ ਦੇਸ਼ ਦੇਖ ਰਹੇ ਹਨ। ਓਹਨਾ ਨੇ ਦੇਸ਼ ਭਰ ਦੇ ਲੋਕਾਂ ਨੂੰ ਵਧ ਤੋਂ ਵਧ ਗਿਣਤੀ ਵਿੱਚ ਮੋਰਚੇ ਵਿਚ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਮੌਕੇ ਨਿੱਜੀ ਹਿੱਤਾਂ ਅਤੇ ਕੰਮਾਂ ਨੂੰ ਛੱਡ ਕੇ ਦੇਸ਼ ਦੇ ਕਿਸਾਨ ਮਜਦੂਰ ਦੀ ਲੜਾਈ ਲੜਨ ਦਾ ਸਮਾਂ ਹੈ।।

Scroll to Top