ਸਰਕਾਰ ਦਾ ਨਸ਼ਿਆਂ ਦੇ ਖ਼ਾਤਮੇ ਲਈ ਨਵਾਂ ਫਾਰਮੂਲਾ
ਨਸ਼ੇ ਦੀ ਸਮੱਸਿਆ ਤੋਂ ਬਚਣ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਸਾਧਨਾਂ ‘ਚੋਂ ਇੱਕ ਹਨ, ਇਹ ਨੌਜਵਾਨਾਂ ਨੂੰ ਸਿਹਤਮੰਦ ਰਹਿਣ ਦੇ ਨਾਲ-ਨਾਲ ਅਨੁਸ਼ਾਸਨ, ਸਹਿਯੋਗ ਅਤੇ ਆਤਮ-ਵਿਸ਼ਵਾਸ ਵੀ ਸਿਖਾਉਂਦੀਆਂ ਹਨ|ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ‘ਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕਾਰਜਸ਼ੀਲ ਹੈ|ਸਰਕਾਰ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖਿਡਾਰੀ ਤਿਆਰ ਕਰਨ ਲਈ ਖੇਡ ਬੁਨਿਆਦੀ ਢਾਂਚੇ ‘ਚ ਬੇਮਿਸਾਲ ਨਿਵੇਸ਼ ਕੀਤਾ ਜਾ ਰਿਹਾ ਹੈ|
ਹੁਣ ਤੱਕ, ਖੇਡ ਮੈਦਾਨ ਸਿਰਫ਼ ਵੱਡੇ ਸ਼ਹਿਰਾਂ ‘ਚ ਹੀ ਬਣਾਏ ਜਾਂਦੇ ਹਨ|ਪਹਿਲੀ ਵਾਰ ਮਾਨ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਪਿੰਡਾਂ ‘ਚ 3100 ਆਧੁਨਿਕ ਅਤੇ ਸ਼ਾਨਦਾਰ ਖੇਡ ਮੈਦਾਨਾਂ ਦੀ ਉਸਾਰੀ ਕਰਵਾ ਰਹੀ ਹੈ|ਇਨ੍ਹਾਂ ‘ਚ ਹਾਕੀ, ਫੁੱਟਬਾਲ, ਵਾਲੀਬਾਲ, ਐਥਲੈਟਿਕਸ ਅਤੇ ਹੋਰ ਖੇਡ ਮੈਦਾਨ ਸ਼ਾਮਲ ਹਨ|ਇਨ੍ਹਾਂ ‘ਚੋਂ 250 ਖੇਡ ਮੈਦਾਨਾਂ ਦਾ ਪਹਿਲਾਂ ਹੀ ਉਦਘਾਟਨ ਕੀਤਾ ਜਾ ਚੁੱਕਾ ਹੈ|
ਇਸਤੋਂ ਇਲਾਵਾ 3000 ਆਧੁਨਿਕ ਪੇਂਡੂ ਜਿੰਮਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ‘ਤੇ ਲਗਭਗ 200 ਕਰੋੜ ਰੁਪਏ ਖਰਚ ਕੀਤਾ ਜਾ ਰਿਹਾ ਹੈ|ਇਹ ਜਿੰਮਾਂ ਪੰਜਾਬ ਦੇ ਨੌਜਵਾਨਾਂ ਲਈ ਸਿਹਤਮੰਦ ਤੇ ਰੌਸ਼ਨ ਭਵਿੱਖ ਦੀ ਨੀਂਹ ਰੱਖਣਗੀਆਂ|ਇਨ੍ਹਾਂ ਜਿੰਮਾਂ ਰਾਹੀਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਰਿਹਾ ਹੈ|ਜਿਸ ਨਾਲ ਇੱਕ ਖੁਸ਼ਹਾਲ ਅਤੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕੀਤੀ ਜਾ ਸਕੇ|
ਪੰਜਾਬ ਸਰਕਾਰ ਨੇ ਸੂਬੇ ‘ਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਖੇਡ ਢਾਂਚੇ ਦੇ ਵਿਕਾਸ ਲਈ 1,791 ਕਰੋੜ ਰੁਪਏ ਦਾ ਬਜਟ ਰੱਖਿਆ ਹੈ|ਸਰਕਾਰ ਦਾ ਖੇਡ ਖੇਤਰ ‘ਚ ਇਹ ਨਿਵੇਸ਼ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਖੇਡ ਸੂਬਾ ਬਣਾਉਣ ਵੱਲ ਇਤਿਹਾਸਕ ਕਦਮ ਹੈ|ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ‘ਚ 9.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਓਲੰਪਿਕ ਪੱਧਰ ਦਾ ਆਧੁਨਿਕ ਸਵਿਮਿੰਗ ਪੂਲ ਖਿਡਾਰੀਆਂ ਅਤੇ ਕੋਚਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ|ਇਸਤੋਂ ਇਲਾਵਾ ਪੰਜਾਬ ਪ੍ਰੀਮੀਅਰ ਲੀਗ ਅਤੇ ਪੰਜਾਬ ਹਾਕੀ ਲੀਗ ਸ਼ੁਰੂ ਹੋਣ ਨਾਲ ਸੂਬੇ ਦੇ ਖੇਡ ਸੱਭਿਆਚਾਰ ਨੂੰ ਵੱਡਾ ਹੁਲਾਰਾ ਮਿਲੇਗਾ|
ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਵੱਖ-ਵੱਖ ਖੇਡਾਂ ਦੇ ਮਹਾਨ ਖਿਡਾਰੀ ਦਿੱਤੇ ਹਨ, ਜਿਨ੍ਹਾਂ ਨੇ ਭਾਰਤ ਦਾ ਮਾਣ ਵਧਾਇਆ ਹੈ|ਮਾਨ ਸਰਕਾਰ ਸਿਰਫ਼ ਖੇਡ ਢਾਂਚੇ ਵੱਲ ਹੀ ਧਿਆਨ ਨਹੀਂ ਦੇ ਰਹੀ, ਸਗੋਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਸਰਕਾਰੀ ਨੌਕਰੀਆਂ ਦੇ ਕੇ ਸਨਮਾਨਿਤ ਕਰ ਰਹੀ ਹੈ|ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਜੇਤੂ 87 ਖਿਡਾਰੀਆਂ ਅਤੇ ਹੋਰ ਵੱਖ-ਵੱਖ ਖੇਡਾਂ ‘ਚ ਮੱਲਾਂ ਮਾਰਨ ਵਾਲੇ 1070 ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ|
ਇਸਤੋਂ ਇਲਾਵਾ ਮਹਿਲਾ ਵਨਡੇ ਵਿਸ਼ਵ ਕੱਪ 2025-26 ਜੇਤੂ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਕੌਰ ਨੂੰ ਡੇਢ-ਡੇਢ ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ|ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੂੰ 1 ਕਰੋੜ 54 ਲੱਖ ਤੇ ਨੀਰਜ ਕੁਮਾਰ ਨੂੰ 1 ਕਰੋੜ 52 ਲੱਖ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ|ਇਸਦੇ ਨਾਲ ਖਿਡਾਰੀਆਂ ਨੂੰ ਟੂਰਨਾਮੈਂਟ ਦੀ ਤਿਆਰੀ ਕਰਨ ਵੇਲੇ ਕੋਈ ਵਿੱਤੀ ਸਮੱਸਿਆ ਨਾ ਆਵੇ, ਇਸ ਲਈ 220 ਖਿਡਾਰੀਆਂ ਨੂੰ 8.61 ਕਰੋੜ ਰੁਪਏ ਉਨ੍ਹਾਂ ਦੇ ਖਾਤਿਆਂ ‘ਚ ਭੇਜੇ ਜਾ ਚੁੱਕੇ ਹਨ|
ਪੰਜਾਬ ਸਰਕਾਰ ਵੱਲੋਂ ਸਕੂਲ ਅਤੇ ਕਾਲਜਾਂ ‘ਚ ਵੱਖ-ਵੱਖ ਖੇਡ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨਾ ਸਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ|ਸਰਕਾਰ ਦਾ ਉਦੇਸ਼ ਖੇਡਾਂ ਨੂੰ ਉਤਸ਼ਾਹਿਤ ਕਰਕੇ ਇੱਕ ਖੁਸ਼ਹਾਲ ਅਤੇ ਸਿਹਤਮੰਦ ਪੰਜਾਬ ਬਣਾਉਣਾ ਹੈ, ਤਾਂ ਜੋ ‘ਰੰਗਲੇ ਪੰਜਾਬ’ ਦਾ ਸੁਪਨਾ ਪੂਰਾ ਕੀਤਾ ਜਾ ਸਕੇ|
Read More: ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਬੱਚਿਆਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਉਡਾਣ




