ਦਿੱਲੀ, 10 ਅਕਤੂਬਰ 2026: Delhi Protest News: ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਜੰਤਰ-ਮੰਤਰ ‘ਤੇ ਸੀਜੇਪੀ ਦੇ ਪ੍ਰਦਰਸ਼ਨ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਦੀ ਕਿਲੇਬੰਦੀ ਕਰ ਲਈ ਹੈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ, ਦਿੱਲੀ ਆਉਣ ਵਾਲੀਆਂ 250 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। 45 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਸ਼ੁੱਕਰਵਾਰ ਦੇਰ ਰਾਤ ਤੋਂ ਰੇਲ ਅਤੇ ਸੜਕ ਰਾਹੀਂ ਦਿੱਲੀ ‘ਚ ਦਾਖਲਾ ਪੂਰੀ ਤਰ੍ਹਾਂ ਕੰਟਰੋਲ ਕੀਤਾ ਗਿਆ ਹੈ।
ਉੱਤਰ ਪ੍ਰਦੇਸ਼ ਅਤੇ ਹਰਿਆਣਾ ਨਾਲ ਲੱਗਦੀਆਂ ਦਿੱਲੀ ਦੀਆਂ ਸਾਰੀਆਂ ਸੜਕੀ ਸਰਹੱਦਾਂ ‘ਤੇ ਵੀ ਬੈਰੀਕੇਡ ਲਗਾਏ ਗਏ ਹਨ। ਗੁਰੂਗ੍ਰਾਮ, ਫਰੀਦਾਬਾਦ, ਪਾਣੀਪਤ, ਗਾਜ਼ੀਆਬਾਦ ਅਤੇ ਨੋਇਡਾ ਤੋਂ ਦਿੱਲੀ ਜਾਣ ਵਾਲੇ ਸਾਰੇ ਪ੍ਰਵੇਸ਼ ਸਥਾਨਾਂ ‘ਤੇ ਪੁਲਿਸ ਕਰਮਚਾਰੀ ਤਾਇਨਾਤ ਹਨ। ਜੰਤਰ-ਮੰਤਰ ਦੇ ਚਾਰ ਕਿਲੋਮੀਟਰ ਦੇ ਘੇਰੇ ‘ਚ ਸ਼ਨੀਵਾਰ ਰਾਤ 10 ਵਜੇ ਤੱਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਪ੍ਰੀਖਿਆਵਾਂ ਦੇ ਸਮਾਂ-ਸਾਰਣੀ ‘ਚ ਬਦਲਾਅ ਕੀਤਾ ਗਿਆ ਹੈ।
ਰੇਲਵੇ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਬਾਅਦ ਆਪਣੇ ਸ਼ੁਰੂਆਤੀ ਸਟੇਸ਼ਨਾਂ ਤੋਂ ਰਵਾਨਾ ਹੋਣ ਵਾਲੀਆਂ ਅਤੇ 10 ਅਕਤੂਬਰ ਨੂੰ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਤੱਕ ਨਵੀਂ ਦਿੱਲੀ ਜਾਂ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ‘ਤੇ ਪਹੁੰਚਣ ਵਾਲੀਆਂ 250 ਐਕਸਪ੍ਰੈਸ ਟ੍ਰੇਨਾਂ ਰੱਦ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਦਿੱਲੀ ਦੇ ਨੇੜੇ ਦੇ ਸ਼ਹਿਰਾਂ ਤੋਂ ਚੱਲਣ ਵਾਲੀਆਂ ਰੋਜ਼ਾਨਾ ਯਾਤਰੀ ਟ੍ਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦੇ ਪੱਤਰ ਤੋਂ ਬਾਅਦ, ਡੀਐਮਆਰਸੀ ਨੇ 45 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਹਨ, ਜਿਨ੍ਹਾਂ ‘ਚ ਜਨਪਥ, ਬਾਰਾਖੰਬਾ ਰੋਡ, ਪਟੇਲ ਚੌਕ ਅਤੇ ਰਾਜੀਵ ਚੌਕ ਸ਼ਾਮਲ ਹਨ। ਸ਼ੁਰੂ ‘ਚ, 57 ਸਟੇਸ਼ਨ ਬੰਦ ਕੀਤੇ ਗਏ ਸਨ, ਪਰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਗਿਣਤੀ ਘਟਾ ਦਿੱਤੀ ਗਈ।
221 ਕੰਪਨੀਆਂ ਤਾਇਨਾਤ ਤੇ ਕਨਾਟ ਪਲੇਸ ਬੰਦ
ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 221 ਕੰਪਨੀਆਂ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਇਸ ‘ਚ ਵੱਖ-ਵੱਖ ਥਾਵਾਂ ‘ਤੇ ਤਾਇਨਾਤ 23,000 ਤੋਂ 26,000 ਕਰਮਚਾਰੀ ਸ਼ਾਮਲ ਹੋਣਗੇ।
ਪ੍ਰਦਰਸ਼ਨ ਲਈ ਕੋਈ ਇਜਾਜ਼ਤ ਨਹੀਂ: ਪੁਲਿਸ
ਦਿੱਲੀ ਪੁਲਿਸ ਨੇ ਸੀਜੇਪੀ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸੰਯੁਕਤ ਪੁਲਿਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਕਿਹਾ, “ਸਾਨੂੰ ਸੌਰਵ ਦਾਸ ਤੋਂ ਇੱਕ ਅਰਜ਼ੀ ਮਿਲੀ ਹੈ।” ਇਹ ਬਹੁਤ ਘਹਤ ਸਮੇਂ ਪਹਿਲਾਂ ਦਿੱਤੀ ਸੀ, ਅਰਜ਼ੀ 10 ਦਿਨ ਪਹਿਲਾਂ ਜਮ੍ਹਾਂ ਕਰਵਾਉਣ ਦੀ ਲੋੜ ਸੀ। ਇਸ ਦੇਰੀ, ਪਿਛਲੇ ਪ੍ਰਦਰਸ਼ਨ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਨਾਲ, ਪ੍ਰਵਾਨਗੀ ਤੋਂ ਇਨਕਾਰ ਕਰਨ ਦਾ ਕਾਰਨ ਬਣਿਆ।
Read More: ਦਿੱਲੀ ‘ਚ ਟਰੇਨ ਤੇ ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ‘ਤੇ ਸੁਪਰੀਮ ਕੋਰਟ ਸਖ਼ਤ




