Inderjit Kaur

ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗੀ, ਵਿਧਵਾ ਮਾਂ ਦੀ ਮੌਤ; ਤਿੰਨ ਬੱਚੇ ਹੋਏ ਅਨਾਥ

ਮਾਛੀਵਾੜਾ, 6 ਅਗਸਤ : ਮਾਛੀਵਾੜਾ ਨੇੜਲੇ ਪਿੰਡ ਸ਼ਤਾਬਗੜ੍ਹ ਵਿਚ ਭਾਰੀ ਮੀਂਹ ਨੇ ਇਕ ਗ਼ਰੀਬ ਵਿਧਵਾ ਦਾ ਘਰ ਪਲਾਂ ਵਿੱਚ ਹੀ ਮਲਬੇ ਦਾ ਢੇਰ ਬਣ ਗਿਆ। ਇਸ ਹਾਦਸੇ ਦੌਰਾਨ ਛੱਤ ਹੇਠਾਂ ਦੱਬਣ ਨਾਲ ਸਾਬਕਾ ਸਰਪੰਚ ਦੀ ਵਿਧਵਾ ਪਤਨੀ ਇੰਦਰਜੀਤ ਕੌਰ ਦੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦੇ ਸਿਰੋਂ ਮਾਂ ਦਾ ਵੀ ਸਾਇਆ ਉੱਠ ਜਾਣ ਕਾਰਨ ਬੱਚੇ ਅਨਾਥ ਹੋ ਗਏ ਹਨ।

ਜਾਣਕਾਰੀ ਅਨੁਸਾਰ ਅੱਜ ਇਲਾਕੇ ਵਿੱਚ ਭਾਰੀ ਮੀਂਹ ਦੌਰਾਨ ਇੰਦਰਜੀਤ ਕੌਰ ਆਪਣੇ ਘਰ ਵਿੱਚ ਆਪਣੀ ਧੀ ਅਤੇ ਇੱਕ ਗੁਆਂਢਣ ਨਾਲ ਬੈਠੀ ਗੱਲਾਂ ਕਰ ਰਹੀ ਸੀ। ਅਚਾਨਕ ਕਮਰੇ ਉੱਪਰ ਬਣੇ ਚੁਬਾਰੇ ਦੀ ਛੱਤ ਡਿੱਗ ਗਈ, ਜਿਸ ਦੇ ਭਾਰੀ ਮਲਬੇ ਹੇਠਾਂ ਆਉਣ ਨਾਲ ਹੇਠਲੀ ਛੱਤ ਵੀ ਉਨ੍ਹਾਂ ਉੱਪਰ ਆ ਡਿੱਗੀ। ਰੌਲਾ ਸੁਣ ਕੇ ਮੌਕੇ ‘ਤੇ ਪੁੱਜੇ ਗੁਆਂਢੀਆਂ ਨੇ ਮੁਸ਼ਕਿਲ ਨਾਲ ਤਿੰਨਾਂ ਨੂੰ ਬਾਹਰ ਕੱਢਿਆ।

ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਈ ਇੰਦਰਜੀਤ ਕੌਰ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦਕਿ ਉਸ ਦੀ ਗੁਆਂਢਣ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਧੀ ਨੂੰ ਮਾਮੂਲੀ ਸੱਟਾਂ ਲੱਗੀਆਂ।

ਦੱਸਿਆ ਜਾ ਰਿਹਾ ਹੈ ਕਿ ਇੰਦਰਜੀਤ ਕੌਰ ਆਪਣੇ ਤਿੰਨ ਬੱਚਿਆਂ ਅਤੇ ਬਜ਼ੁਰਗ ਸੱਸ ਨਾਲ ਇਸ ਖਸਤਾ ਹਾਲਤ ਘਰ ਵਿਚ ਰਹਿ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਸੀ। ਹਾਦਸੇ ਦੇ ਵੇਲੇ ਦੋ ਬੱਚੇ ਸਕੂਲ ਗਏ ਹੋਏ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।  ਮਾਤਾ-ਪਿਤਾ ਦੋਵਾਂ ਦੀ ਮੌਤ ਤੋਂ ਬਾਅਦ ਹੁਣ ਘਰ ਵਿੱਚ ਸਿਰਫ਼ ਬਜ਼ੁਰਗ ਦਾਦੀ ਅਤੇ ਤਿੰਨ ਮਾਸੂਮ ਬੱਚੇ ਹੀ ਬਚੇ ਹਨ, ਜਿਨ੍ਹਾਂ ਦਾ ਸਿਰ ਦਾ ਆਸਰਾ ਵੀ ਖੋਹਿਆ ਗਿਆ ਹੈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਧਰ, ਪਿੰਡ ਦੀ ਪੰਚਾਇਤ ਅਤੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਬੇਸਹਾਰਾ ਅਤੇ ਬੇਹੱਦ ਗ਼ਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।

Read More : ਪੰਜਾਬ ਪੁਲਿਸ ਦੇ ਸਾਂਝਾ ਰਾਹਤ ਕੇਂਦਰਾਂ ‘ਚ 1,000 ਤੋਂ ਵੱਧ ਕੇਸ ਦਰਜ: ਡੀਜੀਪੀ ਗੌਰਵ ਯਾਦਵ

ਵਿਦੇਸ਼

Scroll to Top