ਉੱਤਰ ਪ੍ਰਦੇਸ਼ , 29 ਅਗਸਤ 2026: ਉੱਤਰ ਪ੍ਰਦੇਸ਼ ‘ਚ ਮੌਸਮੀ ਫਲੂ ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ, ਸਿਹਤ ਵਿਭਾਗ ਨੇ ਹਸਪਤਾਲਾਂ ‘ਚ ਇਲਾਜ ਅਤੇ ਜ਼ਰੂਰੀ ਡਾਕਟਰੀ ਸਰੋਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਸ਼ਨੀਵਾਰ ਨੂੰ ਸੂਬੇ ਭਰ ਦੇ ਸਿਹਤ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਥਿਤੀ ਦੀ ਸਮੀਖਿਆ ਕੀਤੀ ਅਤੇ ਹਸਪਤਾਲਾਂ ਨੂੰ ਓਸੇਲਟਾਮੀਵਿਰ (ਟੈਮੀਫਲੂ), ਆਕਸੀਜਨ, ਨੈਬੂਲਾਈਜ਼ਰ, ਆਕਸੀਜਨ ਮਾਸਕ ਅਤੇ ਬ੍ਰੌਨਕੋਡਾਇਲਟਰਾਂ ਦਾ ਢੁਕਵਾਂ ਸਟਾਕ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ।
ਇਸਤੋਂ ਇਲਾਵਾ ਸੂਬੇ ‘ਚ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ, ਸਬੰਧਤ ਜ਼ਿਲ੍ਹਿਆਂ ਦੇ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਅਤੇ ਸਰੋਤਾਂ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਫਲੂ ਦੇ ਲੱਛਣ ਅਤੇ ਇਲਾਜ਼
ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਨਿਰਦੇਸ਼ ਦਿੱਤੇ ਕਿ ਸਾਹ ਲੈਣ ‘ਚ ਮੁਸ਼ਕਿਲ ਵਰਗੇ ਲੱਛਣਾਂ ਵਾਲੇ ਹਸਪਤਾਲਾਂ ‘ਚ ਦਾਖਲ ਸਾਰੇ ਗੰਭੀਰ ਬਿਮਾਰ ਮਰੀਜ਼ਾਂ ਦੀ ਫਲੂ ਲਈ ਜਾਂਚ ਕੀਤੀ ਜਾਵੇ। ਜੇਕਰ ਇਨਫਲੂਐਂਜ਼ਾ ਵਰਗੀ ਬਿਮਾਰੀ ਵਾਲੇ ਲੋਕਾਂ ਜਾਂ ਸਾਹ ਦੀ ਲਾਗ ਵਾਲੇ ਮਰੀਜ਼ਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ‘ਚ ਲੱਛਣ ਪਾਏ ਜਾਂਦੇ ਹਨ, ਤਾਂ ਡਾਕਟਰੀ ਸਲਾਹ ਅਨੁਸਾਰ ਐਂਟੀਵਾਇਰਲ ਦਵਾਈਆਂ ਤੁਰੰਤ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਫਲੂ ਦੀ ਜ਼ਿਆਦਾ ਘਟਨਾ ਵਾਲੇ ਜ਼ਿਲ੍ਹਿਆਂ ‘ਚ, ਸਾਹ ਸੰਬੰਧੀ ਸ਼ਿਕਾਇਤਾਂ ਵਾਲੇ ਮਰੀਜ਼ਾਂ ਲਈ ਵੱਖਰੀਆਂ ਓਪੀਡੀ ਸਥਾਪਤ ਕੀਤੀਆਂ ਗਈਆਂ ਹਨ। ਇਹ ਮਰੀਜ਼ਾਂ ਦੀ ਜਾਂਚ, ਡਾਕਟਰੀ ਸਲਾਹ-ਮਸ਼ਵਰੇ ਅਤੇ ਇਲਾਜ ਦੀ ਸਹੂਲਤ ਦੇਵੇਗਾ, ਇਸਦੇ ਨਾਲ ਹੀ ਹਸਪਤਾਲਾਂ ‘ਚ ਭੀੜ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੇਗਾ।
ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਨਿਰਦੇਸ਼ ਦਿੱਤੇ ਹਨ ਕਿ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਹਰੇਕ ਜ਼ਿਲ੍ਹੇ ‘ਚ ਜ਼ਿਲ੍ਹਾ ਅਤੇ ਸੰਯੁਕਤ ਹਸਪਤਾਲ ਪੱਧਰ ‘ਤੇ ਚਾਰ ਤੋਂ ਛੇ ਆਈਸੋਲੇਸ਼ਨ ਬੈੱਡ ਤਿਆਰ ਕੀਤੇ ਜਾਣ। ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ, ਆਕਸੀਜਨ ਜਾਂ ਹੋਰ ਜ਼ਰੂਰੀ ਉਪਕਰਣਾਂ ਦੀ ਕੋਈ ਘਾਟ ਨਾ ਹੋਵੇ।
Read More: CM ਯੋਗੀ ਆਦਿੱਤਿਆਨਾਥ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ




